ਯੋਗੀ ਨੂੰ ‘ਤਰੱਕੀ’ ਦੇ ਕੇ ਬਣਾਇਆ ਜਾਵੇ ਪ੍ਰਧਾਨ ਮੰਤਰੀ : ਰਾਕੇਸ਼ ਟਿਕੈਤ

ਏਜੰਸੀ

ਖ਼ਬਰਾਂ, ਪੰਜਾਬ

ਯੋਗੀ ਨੂੰ ‘ਤਰੱਕੀ’ ਦੇ ਕੇ ਬਣਾਇਆ ਜਾਵੇ ਪ੍ਰਧਾਨ ਮੰਤਰੀ : ਰਾਕੇਸ਼ ਟਿਕੈਤ

image

ਲਖਨਊ, 21 ਸਤੰਬਰ : ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸਲਾਹ ਦਿਤੀ ਕਿ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ‘ਤਰੱਕੀ’ ਕਰ ਕੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾ ਦਿਤਾ ਜਾਵੇ। ਨਾਲ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਭਾਜਪਾ ਨੂੰ ਉਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 140 ਤੋਂ ਵੱਧ ਸੀਟਾਂ ਨਹੀਂ ਮਿਲਣਗੀਆਂ। ਮੰਗਲਵਾਰ ਨੂੰ ਇਕ ਨਿਊਜ਼ ਚੈਨਲ ਦੇ ਪ੍ਰੋਗਰਾਮ ’ਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਟਿਕੈਤ ਨੇ ਜਿਥੇ ਭਾਜਪਾ ਨੂੰ ਚੋਣਾਂ ’ਚ 140 ਤੋਂ ਵੱਧ ਸੀਟਾਂ ਨਹੀਂ ਮਿਲਣ ਦਾਅਵਾ ਕੀਤਾ, ਉੱਥੇ ਹੀ ਇਹ ਵੀ ਕਿਹਾ,‘‘ਭਾਜਪਾ ਦਾ ਹਾਰਿਆ ਹੋਇਆ ਉਮੀਦਵਾਰ ਵੀ ਜਿੱਤ ਦਾ ਪ੍ਰਮਾਣ ਪੱਤਰ ਲੈ ਕੇ ਜਾਵੇਗਾ ਕਿਉਂਕਿ ਮੈਨੂੰ ਈ.ਵੀ.ਐਮ. ’ਤੇ ਭਰੋਸਾ ਨਹੀਂ ਹੈ।’’ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਦੇ ਇਕ ਮੁੱਖ ਨੇਤਾ ਟਿਕੈਤ ਨੇ ਇਸ ਗੱਲ ’ਤੇ ਜੋਰ ਦੇ ਕੇ ਕਿਹਾ,‘‘ਅਸੀਂ ਕੋਈ ਚੋਣ ਨਹੀਂ ਲੜਾਂਗੇ।’’ ਟਿਕੈਤ ਨੇ ਭੂਮੀ ਐਕਵਾਇਰ ਕਾਨੂੰਨ ਵਿਰੁੱਧ ਮੁਹਿੰਮ ਚਲਾਈ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਸ਼ਲਾਘਾ ਵੀ ਕੀਤੀ। ਇਕ ਸਵਾਬ ਦੇ ਜਵਾਬ ’ਚ ਕਿਸਾਨ ਆਗੂ ਨੇ ਵਿਅੰਗ ਕੱਸਦੇ ਹੋਏ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਹੀ ਅਪਣੇ ਅਹੁਦੇ ਤੋਂ ਹਟ ਜਾਣਗੇ ਅਤੇ ਉਹ ਰਾਸ਼ਟਰਪਤੀ ਬਣਨਗੇ। ਉਨ੍ਹਾਂ ਇਹ ਵੀ ਕਿਹਾ,‘‘ਯੋਗੀ ਜੀ ਦਾ ਪ੍ਰਮੋਸ਼ਨ ਹੋਣਾ ਚਾਹੀਦਾ, ਉਹ ਪ੍ਰਧਾਨ ਮੰਤਰੀ ਬਣ ਜਾਣ।’’ (ਏਜੰਸੀ) 

ਦੱਸਣਯੋਗ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ’ਚ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਸਾਲ 2017 ਦੀਆਂ  ਵਿਧਾਨ ਸਭਾ ਚੋਣਾਂ ’ਚ ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ’ਚੋਂ ਭਾਜਪਾ ਨੂੰ 312 ਅਤੇ ਉਸ ਦੇ ਸਹਿਯੋਗੀ ਦਲਾਂ ਨੂੰ ਕੁੱਲ 13 ਸੀਟਾਂ ਮਿਲੀਆਂ ਸਨ। 
ਟਿਕੈਤ ਨੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ.ਆਈ.ਐਮ.ਆਈ.ਐਮ.) ਮੁਖੀ ਅਸਦੁਦੀਨ ਓਵੈਸੀ ’ਤੇ ਵਿਰੋਧੀ ਧਿਰ ਦੇ ਵੋਟਾਂ ਬਿਖੇਰਨ ਦਾ ਦੋਸ਼ ਲਗਾਉਣ ਹੋਏ ਕਿਹਾ ਕਿ ਓਵੈਸੀ ‘ਪੈਕੇਜ’ ’ਤੇ ਹਨ ਅਤੇ ਉਤਰ ਪ੍ਰਦੇਸ਼ ’ਚ ਵਿਰੋਧੀ ਧਿਰਾਂ ਦੀਆਂ ਵੋਟਾਂ ਬਿਖੇਰਣ ਆਏ ਹਨ।’’     
    (ਏਜੰਸੀ)