ਡਿਵਾਈਡਰ 'ਤੇ ਸੁੱਤੇ 6 ਲੋਕਾਂ ਨੂੰ ਟਰੱਕ ਨੇ ਦਰੜਿਆ, 4 ਦੀ ਮੌਤ
ਡਿਵਾਈਡਰ 'ਤੇ ਸੁੱਤੇ 6 ਲੋਕਾਂ ਨੂੰ ਟਰੱਕ ਨੇ ਦਰੜਿਆ, 4 ਦੀ ਮੌਤ
ਨਵੀਂ ਦਿੱਲੀ, 21 ਸਤੰਬਰ : ਉਤਰੀ-ਪੂਰਬੀ ਦਿੱਲੀ ਦੇ ਸੀਮਾਪੁਰੀ 'ਚ ਮੰਗਲਵਾਰ ਦੇਰ ਰਾਤ ਇਕ ਤੇਜ਼ ਰਫ਼ਤਾਰ ਟਰੱਕ ਨੇ ਡਿਵਾਈਡਰ 'ਤੇ ਸੁੱਤੇ ਹੋਏ 6 ਲੋਕਾਂ ਨੂੰ ਕੁਚਲ ਦਿਤਾ | ਪੁਲਿਸ ਨੇ ਇਹ ਜਾਣਕਾਰੀ ਦਿੰਦੇ ਹੋਏ ਬੁਧਵਾਰ ਨੂੰ ਦਸਿਆ ਕਿ ਇਸ ਘਟਨਾ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਏ | ਦੋ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਸੀ | ਸੀਸੀਟੀਵੀ ਫੁਟੇਜ ਮੁਤਾਬਕ ਇਹ ਘਟਨਾ ਮੰਗਲਵਾਰ ਦੇਰ ਰਾਤ ਕਰੀਬ 2 ਵਜੇ ਵਾਪਰੀ |
ਹਾਦਸੇ ਦਾ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈਉਂ ਵੀਡੀਉ ਵਿਚ ਇਕ ਟਰੱਕ ਡੀਟੀਸੀ ਡਿਪੂ ਟ੍ਰੈਫ਼ਿਕ ਸਿਗਨਲ ਨੂੰ ਪਾਰ ਕਰ ਕੇ ਡੀਐਲਐਫ਼ ਟੀ-ਪੁਆਇੰਟ ਵਲ ਜਾ ਰਹੇ ਰੋਡ ਡਿਵਾਈਡਰ 'ਤੇ ਸੋ ਰਹੇ ਲੋਕਾਂ ਨੂੰ ਕੁਚਲਦਾ ਹੋਇਆ ਦਿਖਾਈ ਦੇ ਰਿਹਾ ਹੈ | ਪੁਲਿਸ ਅਧਿਕਾਰੀ ਨੇ ਕਿਹਾ ਕਿ ਡਰਾਈਵਰ ਬਹੁਤ ਤੇਜ਼ੀ ਅਤੇ ਲਾਪਰਵਾਹੀ ਨਾਲ ਟਰੱਕ ਚਲਾ ਰਿਹਾ ਸੀ | ਸੀਸੀਟੀਵੀ ਫੁਟੇਜ 'ਚ ਇਹ ਵੀ ਦਿਸ ਰਿਹਾ ਹੈ ਕਿ ਟਰੱਕ ਲੋਕਾਂ ਦੇ ਉਪਰੋਂ ਲੰਘਣ ਦੇ ਬਾਅਦ ਬਿਜਲੀ ਦੇ ਪੋਲ ਨਾਲ ਟਕਰਾ ਗਿਆ ਜਿਸ ਨਾਲ ਸਟ੍ਰੀਟ ਲਾਈਟ ਬੰਦ ਹੋ ਗਈ | ਪੁਲਿਸ ਮੁਤਾਬਕ ਮਿ੍ਤਕਾਂ ਦੀ ਪਛਾਣ ਹੋ ਗਈ ਹੈ, ਚਾਰੋਂ ਦਿੱਲੀ ਦੇ ਸੀਮਾਪੁਰੀ ਦੇ ਰਹਿਣ ਵਾਲੇ ਹਨ | ਇਨ੍ਹਾਂ ਵਿਚ ਕਰੀਮ (52), ਛੋਟੇ ਖ਼ਾਨ (25), ਸਾਹ ਆਲਮ (38) ਵਾਸੀ ਨਿਊ ਸੀਮਾਪੁਰੀ, ਰਾਹੁਲ (45) ਵਾਸੀ ਸਾਹਿਬਾਬਾਦ ਸ਼ਾਮਲ ਹਨ | ਇਸ ਤੋਂ ਇਲਾਵਾ ਜ਼ਖ਼ਮੀਆਂ ਵਿਚ ਸਾਹਿਬਾਬਾਦ ਦਾ ਮਨੀਸ (16) ਅਤੇ ਦਿੱਲੀ ਦੇ ਤਾਹਿਰਪੁਰ ਦਾ ਪ੍ਰਦੀਪ (30) ਸ਼ਾਮਲ ਹੈ | ਪੁਲਿਸ ਮੁਤਾਬਕ ਘਟਨਾ ਦੇ ਬਾਅਦ ਫਰਾਰ ਟਰੱਕ ਡਰਾਈਵਰ ਦੀ ਭਾਲ ਲਈ ਕਈ ਟੀਮਾਂ ਦਾ ਗਠਨ ਕੀਤਾ ਗਿਆ ਹੈ | ਇਸ ਸਬੰਧੀ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ | (ਏਜੰਸੀ)