23 ਸਾਲਾ ਫ਼ੌਜੀ ਜਵਾਨ ਦੀ ਭੇਦ ਭਰੇ ਹਾਲਾਤਾਂ ਵਿਚ ਮੌਤ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੇਹ ਨੂੰ ਨਾਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕਰਨ ਦੀ ਦਿੱਤੀ ਚੇਤਾਵਨੀ

A 23-year-old soldier's death in mysterious circumstances

 

ਗੁਰਦਾਸਪੁਰ: ਦੀਨਾਨਗਰ ਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਜਿੱਥੇ ਇੱਕ ਪਾਸੇ ਫ਼ੌਜੀ ਜਵਾਨ ਅਮਰਪਾਲ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉੱਥੇ ਹੀ ਉਨ੍ਹਾਂ ਨੇ ਆਰੋਪ ਲਗਾਇਆ ਹੈ ਕਿ ਭਾਰਤੀ ਫ਼ੌਜ ਵੱਲੋਂ ਉਨ੍ਹਾਂ ਦੇ ਜਵਾਨ ਪੁੱਤ ਦੀ ਬੇਕਦਰੀ ਕੀਤੀ ਗਈ ਹੈ ਅਤੇ ਉਸ ਦੀ ਲਾਸ਼ ਨੂੰ ਲਿਫ਼ਾਫ਼ੇ ਵਿਚ ਲਪੇਟ ਕੇ ਫ਼ੌਜੀ ਜਵਾਨ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਾਰ ਕੇ ਚਲੇ ਗਏ।

 ਉੱਥੇ ਹੀ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੇ ਬੇਟੇ ਦੀ ਹੋਈ ਮੌਤ ਦੀ ਜਾਂਚ ਕੀਤੀ ਜਾਵੇ। ਕਿ ਕਿਹੜੇ ਹਲਾਤਾਂ ਵਿਚ ਮੌਤ ਹੋਈ ਹੈ? ਕਿਉਂਕਿ ਅਮਰਪਾਲ ਆਤਮ ਹੱਤਿਆ ਕਰਨ ਵਾਲਿਆਂ ਵਿੱਚੋਂ ਨਹੀਂ ਸੀ। ਉਹ ਹਮੇਸ਼ਾ ਹੱਸਦਾ ਰਹਿੰਦਾ ਸੀ ਅਤੇ ਕੋਈ ਤਣਾਅ ਉਸ ਦੇ ਦਿਮਾਗ਼ ਵਿਚ ਨਹੀਂ ਸੀ। ਉਸ ਦੀ ਮੌਤ ਪਿੱਛੇ ਕੋਈ ਨਾ ਕੋਈ ਆਰਮੀ ਦਾ ਹੀ ਅੰਦਰੂਨੀ ਕਾਰਨ ਰਿਹਾ ਹੈ।

ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਅਮਰਪਾਲ ਨੇ ਢਾਈ ਸਾਲ ਦੇਸ਼ ਦੀ ਸੇਵਾ ਕੀਤੀ ਹੈ ਇਸ ਲਈ ਉਸ ਨੂੰ ਬਣਦਾ ਸੈਨਿਕ ਸਨਮਾਨ ਦਿੱਤਾ ਜਾਵੇ। ਨਹੀਂ ਤਾਂ ਉਸ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਨਾਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।

 ਫ਼ੌਜੀ ਜਵਾਨ ਅਮਰਪਾਲ ਦੇ ਮਾਤਾ ਪਿਤਾ ਨੇ ਦੱਸਿਆ ਕਿ ਕੱਲ ਸਮ ਸਾਢੇ ਚਾਰ ਵਜੇ ਦੇ ਕਰੀਬ ਅਮਰਪਾਲ ਨਾਲ ਉਨ੍ਹਾਂ ਦੀ ਗੱਲ ਹੋਈ ਸੀ ਅਤੇ ਉਸ ਵੇਲੇ ਉਹ ਬਿਲਕੁਲ ਠੀਕ ਠਾਕ ਸੀ। ਸਵੇਰੇ ਉਨ੍ਹਾਂ ਨੂੰ ਪਿੰਡ ਦੇ ਸਰਪੰਚ ਨੇ ਸੂਚਨਾ ਦਿੱਤੀ ਕਿ ਅਮਰਪਾਲ ਨੇ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ ਹੈ। ਪਰੰਤੂ ਅਮਰਪਾਲ ਦੇ ਪਰਿਵਾਰ ਨੂੰ ਕਿਸੇ ਅਧਿਕਾਰੀ ਨੇ ਕੋਈ ਇਤਲਾਹ ਨਹੀਂ ਦਿੱਤੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਾਅਦ ਵਿਚ ਉਨ੍ਹਾਂ ਨੇ ਯੂਨਿਟ ਨਾਲ ਸੰਪਰਕ ਕੀਤਾ ਉਨ੍ਹਾਂ ਨੇ ਦੱਸਿਆ ਕਿ ਅਮਰਪਾਲ ਦੀ ਸਵੇਰੇ ਚਾਰ ਤੋਂ ਛੇ ਵਜੇ ਤੱਕ ਡਿਊਟੀ ਸੀ। ਡਿਊਟੀ ਦੌਰਾਨ 5 ਵਜੇ ਦੇ ਕਰੀਬ ਉਹ ਆਪਣੇ ਕੱਪੜੇ ਕਮਰੇ ਵਿਚ ਰੱਖਣ ਲਈ ਗਿਆ ਅਤੇ ਇਸ ਦੌਰਾਨ ਹੀ ਕਮਰੇ ਵਿਚ ਜਾ ਕੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਮਾਤਾ ਪਿਤਾ ਨੇ ਕਿਹਾ ਕਿ ਅਜਿਹਾ ਕੋਈ ਵੀ ਕਾਰਨ ਨਹੀਂ ਸੀ ਕਿ ਅਮਰਪਾਲ ਖੁਦਕੁਸ਼ੀ ਕਰ ਲੈਂਦਾ, ਇਸ ਲਈ ਮਾਮਲੇ ਦੀ ਤਫਤੀਸ਼ ਹੋਣੀ ਚਾਹੀਦੀ ਹੈ। ਉੱਥੇ ਹੀ ਉਨ੍ਹਾਂ ਨੇ ਕਿਹਾ ਕਿ ‌ਦੁਪਹਿਰ ਬਾਦ ਅਮਰਪਾਲ ਦੀ ਮ੍ਰਿਤਕ ਦੇਹ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪਹੁੰਚੀ ਅਤੇ ਸ਼ਾਮ ਨੂੰ ਉਸ ਨੂੰ ਫੌਜੀ ਗੱਡੀ ਉੱਤੇ ਪਿੰਡ ਲਿਆਂਦਾ ਗਿਆ, ਪਰ ਨਾਲ ਆਏ ਸਾਥੀਆਂ ਵੱਲੋਂ ਮ੍ਰਿਤਕ ਦੇਹ ਵਾਲਾ ਬਕਸਾ ਪਿੰਡ ਦੇ ਬਾਹਰ ਉਤਾਰ ਦਿੱਤਾ ਗਿਆ ਅਤੇ ਵਾਪਸ ਮੁੜ ਗਏ। 

ਅਮਰਪਾਲ ਦੀ ਮ੍ਰਿਤਕ ਦੇਹ ਵੀ ਲਿਫਾਫੇ ਵਿਚ ਬੁਰੇ ਤਰੀਕੇ ਨਾਲ਼ ਲਪੇਟੀ ਗਈ ਸੀ। ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਅਮਰਪਾਲ ਨੂੰ ਫ਼ੌਜ ਵੱਲੋਂ ਬਣਦਾ ਸੈਨਿਕ ਸਨਮਾਨ ਨਹੀਂ ਦਿੱਤਾ ਜਾਂਦਾ ਉਨ੍ਹਾਂ ਵੱਲੋਂ ਉਸ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਮ੍ਰਿਤਕ ਦੇਹ ਨੂੰ ਨਾਲ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਘਿਰਾਓ ਕੀਤਾ ਜਾਵੇਗਾ।