ਪਾਕਿਸਤਾਨ ਸਿਵਲ ਸਰਵਿਸਿਜ਼ ਵਿਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਆਕਾਸ਼ ਸਿੰਘ, ਕਸਟਮਜ਼ ਇੰਸਪੈਕਟਰ ਵਜੋਂ ਹੋਈ ਚੋਣ

ਏਜੰਸੀ

ਖ਼ਬਰਾਂ, ਪੰਜਾਬ

ਪਾਕਿਸਤਾਨ ਸਿਵਲ ਸਰਵਿਸਿਜ਼ ਵਿਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਆਕਾਸ਼ ਸਿੰਘ, ਕਸਟਮਜ਼ ਇੰਸਪੈਕਟਰ ਵਜੋਂ ਹੋਈ ਚੋਣ

IMAGE


ਕਿਹਾ, ਅਟਾਰੀ ਵਾਹਗਾ ਬਾਰਡਰ 'ਤੇ ਪਹੁੰਚਣ ਵਾਲੀ ਸੰਗਤ ਦੀ ਸੇਵਾ ਮੇਰੇ ਲਈ ਮਾਣ ਵਾਲੀ ਗੱਲ ਹੋਵੇਗੀ

ਲਾਹੌਰ, 21 ਸਤੰਬਰ (ਬਾਬਰ ਜਲੰਧਰੀ): ਪਾਕਿਸਤਾਨ ਦੇ ਸਿੱਖ ਨੌਜਵਾਨ ਆਕਾਸ਼ ਸਿੰਘ ਦੀ ਕਸਟਮਜ਼ ਇੰਸਪੈਕਟਰ ਵਜੋਂ ਚੋਣ ਹੋਈ ਹੈ | ਇਸ ਨਾਲ ਹੀ ਉਹ ਪਾਕਿਸਤਾਨ ਸਿਵਲ ਸਰਵਿਸਿਜ਼ ਵਿਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਬਣੇ ਹਨ | ਉਨ੍ਹਾਂ ਨੂੰ  ਕਸਟਮ ਵਿਭਾਗ ਵਿਚ ਇੰਸਪੈਕਟਰ ਤੇ ਇੰਟੈਲੀਜੈਂਸ ਅਫ਼ਸਰ ਦਾ ਅਹੁਦਾ ਮਿਲਿਆ ਹੈ | ਇਹ ਨਾ ਸਿਰਫ਼ ਆਕਾਸ਼ ਸਿੰਘ ਦੇ ਪ੍ਰਵਾਰ ਲਈ ਮਾਣ ਗੱਲ ਹੈ ਸਗੋਂ ਇਸ ਖ਼ਬਰ ਨਾਲ ਦੁਨੀਆਂ ਭਰ ਵਿਚ ਵਸਦੇ ਸਿੱਖਾਂ ਨੂੰ  ਮਾਣ ਮਹਿਸੂਸ ਹੋ ਰਿਹਾ ਹੈ |
ਆਕਾਸ਼ ਸਿੰਘ ਦਾ ਕਹਿਣਾ ਹੈ ਕਿ ਜੇਕਰ ਕਸਟਮਜ਼ ਇੰਸਪੈਕਟਰ ਵਜੋਂ ਉਨ੍ਹਾਂ ਦੀ ਡਿਊਟੀ ਅਟਾਰੀ ਵਾਹਗਾ ਬਾਰਡਰ ਉਤੇੇ ਲਗਦੀ ਹੈ ਤਾਂ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੋਵੇਗੀ | ਉਨ੍ਹਾਂ ਕਿਹਾ,Tਗੁਰੂਆਂ ਦੀ ਧਰਤੀ ਚੜ੍ਹਦੇ ਪੰਜਾਬ ਤੋਂ ਪਾਕਿਸਤਾਨ ਆਉਣ ਵਾਲੀ ਸੰਗਤ ਦੀ ਸੇਵਾ ਮੇਰੇ ਲਈ ਵੱਡੇ ਭਾਗਾਂ ਵਾਲੀ ਗੱਲ ਹੋਵੇਗੀ |'' ਆਕਾਸ਼ ਸਿੰਘ ਨੇ ਦਸਿਆ ਕਿ 2019 ਵਿਚ ਇਸ ਪ੍ਰੀਖਿਆ ਦਾ ਇਸ਼ਤਿਹਾਰ ਆਇਆ ਸੀ ਅਤੇ ਉਨ੍ਹਾਂ ਨੇ ਅਪਲਾਈ ਕੀਤਾ | ਇਸ ਲਈ ਉਨ੍ਹਾਂ ਨੇ ਦੋ ਪ੍ਰੀਖਿਆਵਾਂ ਤੋਂ ਬਾਅਦ ਇੰਟਰਵਿਊ ਦਿਤੀ ਜਿਸ ਮਗਰੋਂ ਅੱਜ ਉਨ੍ਹਾਂ ਦੀ ਚੋਣ ਹੋਈ ਹੈ | ਪਾਕਿਸਤਾਨ ਵਿਚ ਫ਼ੈਡਰਲ ਪਬਲਿਕ ਸਰਵਿਸ ਕਮਿਸ਼ਨ ਵਲੋਂ ਆਯੋਜਤ ਪ੍ਰੀਖਿਆ ਪਾਸ ਕਰਨ ਵਾਲੇ ਆਕਾਸ਼ ਸਿੰਘ, ਪਾਕਿਸਤਾਨ ਦੇ ਬਲੋਚਿਸਤਾਨ ਨਾਲ ਸਬੰਧ ਰਖਦੇ ਹਨ | ਉਨ੍ਹਾਂ ਦੇ ਪਿਤਾ ਦਾ ਨਾਂ ਸ. ਗੋਬਿੰਦ ਸਿੰਘ ਹੈ | ਮੌਜੂਦਾ ਸਮੇਂ ਵਿਚ ਉਹ ਸਿੰਧ ਦੇ ਕਸ਼ਮੋਰ ਵਿਚ ਰਹਿ ਰਹੇ ਹਨ, ਇਥੋਂ ਹੀ ਉਨ੍ਹਾਂ ਨੇ ਮੁਢਲੀ ਸਿਖਿਆ ਪ੍ਰਾਪਤ ਕੀਤੀ | ਇਸ ਮਗਰੋਂ ਉਚੇਰੀ ਸਿਖਿਆ ਲਾਹੌਰ ਦੇ ਸਰਕਾਰੀ ਕਾਲਜ ਵਿਚੋਂ ਹਾਸਲ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਐਲਐਲਬੀ ਦੀ ਪੜ੍ਹਾਈ ਕੀਤੀ | ਆਕਾਸ਼ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਐਲਐਲਬੀ ਦੀ ਸਾਰੀ ਪੜ੍ਹਾਈ 100 ਫ਼ੀ ਸਦੀ ਸਕਾਲਰਸ਼ਿਪ ਨਾਲ ਕੀਤੀ ਜਿਸ ਮਗਰੋਂ ਉਹ ਕਰਾਚੀ ਵਿਚ ਵਕਾਲਤ ਕਰ ਰਹੇ ਹਨ |
ਨੌਜਵਾਨਾਂ ਨੂੰ  ਸੁਨੇਹਾ ਦਿੰਦਿਆਂ ਆਕਾਸ਼ ਸਿੰਘ ਨੇ ਕਿਹਾ ਕਿ ਜਿੰਨਾ ਹੋ ਸਕਦਾ ਹੈ ਪੜ੍ਹਾਈ ਉਤੇ ਜ਼ੋਰ ਦਿਤਾ ਜਾਵੇ, ਉਮੀਦ ਨਾ ਹਾਰੋ | ਮਿਹਨਤ ਕਰਦੇ ਰਹੋ, ਇਕ ਦਿਨ ਕਾਮਯਾਬੀ ਜ਼ਰੂਰ ਮਿਲੇਗੀ |