ਨਾਭਾ: ਦੇਸ਼ ਦੀ ਸੇਵਾ ਕਰਦੇ ਸਰਹੱਦੀ ਬਾਰਡਰਾਂ 'ਤੇ ਫੌਜੀ ਜਵਾਨ ਸ਼ਹੀਦ ਹੋ ਰਹੇ ਹਨ। ਜਿਸ ਦੇ ਤਹਿਤ ਅੱਜ ਇਕ ਹੋਰ ਜਵਾਨ ਸ਼ਹੀਦ ਹੋ ਗਿਆ ਹੈ। ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਦੇ ਕਾਰਨ ਫੌਜੀ ਜਵਾਨ ਦੀ ਮੌਤ ਹੋ ਗਈ। ਫੌਜੀ ਦੀ ਪਹਿਚਾਣ ਜਸਵੰਤ ਸਿੰਘ ਵਜੋਂ ਹੋਈ। ਫੌਜੀ ਜਸਵੰਤ ਸਿੰਘ ਨਾਭਾ ਬਲਾਕ ਦੇ ਪਿੰਡ ਮਾਂਗੇਵਾਲ ਦੀ ਰਹਿਣ ਵਾਲਾ ਸੀ।
ਫੌਜੀ ਜਵਾਨ ਆਪਣੇ ਪਿੱਛੇ ਆਪਣੇ ਬਜ਼ੁਰਗ ਮਾਂ-ਬਾਪ ਪਤਨੀ ਅਤੇ ਇਕ ਪੰਜ ਸਾਲਾ ਬੇਟਾ ਛੱਡ ਗਏ ਹਨ। ਜਿਵੇਂ ਹੀ ਸ਼ਹੀਦ ਦਾ ਪਾਰਥਿਵ ਸਰੀਰ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਕਿਉਂਕਿ ਸ਼ਹੀਦ ਜਸਵੰਤ ਸਿੰਘ ਪਰਿਵਾਰ ਦਾ ਇਕਲੌਤਾ ਬੇਟਾ ਸੀ।
ਜਵਾਨ ਜਸਵੰਤ ਸਿੰਘ ਨੂੰ ਦੇਸ਼ ਦੀ ਸੇਵਾ ਕਰਨ ਦਾ ਬਚਪਨ ਤੋਂ ਹੀ ਸ਼ੌਕ ਸੀ। ਜਿੱਥੇ ਪਿਤਾ ਵੱਲੋਂ ਪਹਿਲਾਂ ਫੌਜ ਵਿੱਚ ਦੇਸ਼ ਦੀ ਸੇਵਾ ਕਰਦੇ ਹੋਏ ਰਿਟਾਇਰਮੈਂਟ ਹਾਸਲ ਕੀਤੀ। ਉਸ ਤੋਂ ਬਾਅਦ ਪੁੱਤ ਵੀ ਫੌਜ ਵਿੱਚ ਭਰਤੀ ਹੋ ਗਿਆ ਅਤੇ ਬੀਤੇ ਦਿਨ ਹੀ ਛੁੱਟੀਆਂ ਕੱਟ ਕੇ ਐਤਵਾਰ ਹੀ ਉਹ ਆਪਣੇ ਘਰ ਤੋਂ ਡਿਊਟੀ ਜੰਮੂ ਲਈ ਰਵਾਨਾ ਹੋਇਆ ਸੀ।
ਪਰਿਵਾਰ ਵੱਲੋਂ ਆਪਣੇ ਪੁੱਤਰ ਜਸਵੰਤ ਸਿੰਘ ਨੂੰ ਬੜੇ ਹੀ ਪਿਆਰ ਨਾਲ ਡਿਊਟੀ ਲਈ ਰਵਾਨਾ ਕੀਤਾ ਸੀ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਕਿ ਇਹ ਉਨ੍ਹਾਂ ਦੀ ਆਖ਼ਰੀ ਮੁਲਾਕਾਤ ਹੋਵੇਗੀ ਅਤੇ ਹੁਣ ਘਰ ਵਿੱਚ ਉਨ੍ਹਾਂ ਦੇ ਪੁੱਤ ਦੀ ਦੇਹ ਵਾਪਸ ਆਵੇਗੀ। ਜਵਾਨ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ।