ਮਹਾਰਾਜੇ ਦੀ ਬੇਟੀ ਜਾਅਲੀ ਵਸੀਅਤ ਤਿਆਰ ਕਰਨ ਵਾਲਿਆਂ ਵਿਰੁਧ ਪੁੱਜੀ ਅਦਾਲਤ ਵਿਚ

ਏਜੰਸੀ

ਖ਼ਬਰਾਂ, ਪੰਜਾਬ

ਮਹਾਰਾਜੇ ਦੀ ਬੇਟੀ ਜਾਅਲੀ ਵਸੀਅਤ ਤਿਆਰ ਕਰਨ ਵਾਲਿਆਂ ਵਿਰੁਧ ਪੁੱਜੀ ਅਦਾਲਤ ਵਿਚ

IMAGE

'ਮਾਮਲਾ ਮਹਾਰਾਜੇ ਦੀ ਅਰਬਾਂ-ਖਰਬਾਂ ਦੀ ਜਾਇਦਾਦ ਦਾ'

 

ਕੋਟਕਪੂਰਾ, 21 ਸਤੰਬਰ (ਗੁਰਿੰਦਰ ਸਿੰਘ) : ਫਰੀਦਕੋਟ ਰਿਆਸਤ ਦੇ ਆਖਰੀ ਰਾਜੇ ਹਰਿੰਦਰ ਸਿੰਘ ਬਰਾੜ ਦੀ ਵੱਡੀ ਬੇਟੀ ਅੰਮਿ੍ਤ ਕੌਰ ਨੂੰ  ਸੀਜੇਐੱਮ ਫਰੀਦਕੋਟ ਦੀ ਅਦਾਲਤ ਦਾ ਦਰਵਾਜਾ ਖੜਕਾਉਂਦਿਆਂ ਉਹਨਾਂ 23 ਵਿਅਕਤੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ, ਜਿੰਨਾ ਨੇ ਕਥਿੱਤ ਤੌਰ 'ਤੇ ਮਹਾਰਾਜੇ ਦੀ ਜਾਇਦਾਦ ਵਿਚ ਅਧਿਕਾਰਾਂ ਤੋਂ ਉਸਨੂੰ ਲਾਂਭੇ ਕਰਨ ਲਈ ਵਸੀਅਤ ਤਿਆਰ ਕੀਤੀ ਸੀ |
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਮਹਾਰਾਜੇ ਦੀ ਅਰਬਾਂ-ਖਰਬਾਂ ਰੁਪਏ ਦੀ ਜਾਇਦਾਦ ਦੇ ਮਾਮਲੇ ਵਿੱਚ ਦੇਸ਼ ਦੀ ਸਰਬਉੱਚ ਅਦਾਲਤ ਨੇ ਵਸੀਅਤ ਨੂੰ  ਜਾਅਲੀ ਕਰਾਰ ਦਿਤਾ ਸੀ | ਉਕਤ ਸ਼ੱਕੀ ਵਸੀਅਤ ਦੇ ਆਧਾਰ 'ਤੇ ਮਹਾਰਾਵਲ ਖੀਵਾ ਜੀ ਟਰੱਸਟ ਪਿਛਲੇ 33 ਸਾਲਾਂ ਤੋਂ ਮਹਾਰਾਜੇ ਦੀ ਹਰ ਕਿਸਮ ਦੀ ਜਾਇਦਾਦ ਦੀ ਦੇਖਭਾਲ ਕਰ ਰਿਹਾ ਸੀ | ਬੀਤੀ 7 ਸਤੰਬਰ ਨੂੰ  ਸੁਪਰੀਮ ਕੋਰਟ ਨੇ ਵਸੀਅਤ ਨੂੰ  ਜਾਅਲੀ ਐਲਾਨਦਿਆਂ ਟਰੱਸਟ ਨੂੰ  ਭੰਗ ਕਰ ਦਿੱਤਾ ਸੀ | ਐਡਵੋਕੇਟ ਕਰਮਜੀਤ ਸਿੰਘ ਧਾਲੀਵਾਲ ਰਾਹੀਂ ਅੰਮਿ੍ਤ ਕੌਰ ਨੇ ਸੀਜੇਐੱਮ ਅਦਾਲਤ ਵਿਚ ਸੁਪਰੀਮ ਕੋਰਟ ਦੇ ਹੁਕਮਾ ਦੇ ਪ੍ਰਮਾਣਿਤ ਦਸਤਾਵੇਜ ਪੇਸ਼ ਕਰਦਿਆਂ ਉਕਤ 23 ਵਿਅਕਤੀਆਂ ਖਿਲਾਫ ਕਾਰਵਾਈ ਸ਼ੁਰੂ ਕਰਨ ਦੀ ਮੰਗ ਕੀਤੀ ਹੈ, ਜਿੰਨਾ ਨੇ ਉਸਨੂੰ ਜਾਇਦਾਦ ਤੋਂ ਲਾਂਭਿਆਂ ਕਰਨ ਲਈ ਜਾਅਲੀ ਵਸੀਅਤ ਤਿਆਰ ਕੀਤੀ ਸੀ | ਇੱਥੇ ਇਹ ਦੱਸਣਾ ਜਰੂਰੀ ਹੈ ਕਿ ਇਸ ਤੋਂ ਪਹਿਲਾਂ ਜੂਨ 2020 ਵਿੱਚ ਫਰੀਦਕੋਟ ਪੁਲਿਸ ਨੇ ਅੰਮਿ੍ਤ ਕੌਰ ਦੀ ਸ਼ਿਕਾਇਤ 'ਤੇ ਮਹਾਰਾਜੇ ਦੇ ਪੋਤਰੇ ਅਤੇ ਕਈ ਵਕੀਲਾਂ ਸਮੇਤ 23 ਵਿਅਕਤੀਆਂ 'ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ | ਕੁਝ ਸਮੇਂ ਬਾਅਦ ਪੁਲਿਸ ਨੇ ਅਦਾਲਤ ਵਿੱਚ ਉਕਤ ਮਾਮਲਾ ਰੱਦ ਕਰਨ ਦੀ ਮੰਗ ਕੀਤੀ ਗਈ, ਉਕਤ ਰੱਦ ਰਿਪੋਰਟ ਦਾ ਵਿਰੋਧ ਕਰਦਿਆਂ ਅੰਮਿ੍ਤ ਕੌਰ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ ਦੀ ਸੀਜੇਐੱਮ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਉਕਤ ਵਸੀਅਤ ਦੇ ਦਸਤਾਵੇਜਾਂ ਨੂੰ  ਫਰਜ਼ੀ ਅਰਥਾਤ ਜਾਅਲੀ ਪਾਇਆ ਗਿਆ ਹੈ |