ਪਟਿਆਲਾ ਪ੍ਰਸ਼ਾਸਨ ਨੇ ਜੇਲਾਂ ਦੇ ਆਸ-ਪਾਸ ਦੇ 500 ਮੀਟਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨਿਆ
ਜੇਲ ਪ੍ਰਸ਼ਾਸਨ ਨੇ ਨਾਭਾ ਜੇਲ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਡਰੋਨ ਚਲਾ ਰਹੇ ਨੌਜਵਾਨਾਂ ਨੂੰ ਕਾਬੂ ਕੀਤਾ
ਪਟਿਆਲਾ: ਨਾਭਾ ਜੇਲ ਦੇ ਬਾਹਰ ਸ਼ੱਕੀ ਨੌਜਵਾਨਾਂ ਦੀਆਂ ਗਤੀਵਿਧੀਆਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਜੇਲ ਅਤੇ ਇਸ ਦੇ ਆਸ-ਪਾਸ ਦੇ 500 ਮੀਟਰ ਖੇਤਰ ਨੂੰ ਨੋ ਡਰੋਨ ਜ਼ੋਨ ਐਲਾਨ ਦਿਤਾ ਹੈ। ਵਧੀਕ ਜ਼ਿਲ੍ਹਾ ਮੈਜਿਸਟਰੇਟ ਜਗਜੀਤ ਸਿੰਘ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਡੀਜੀਪੀ ਪੰਜਾਬ ਵਲੋਂ ਜਾਰੀ ਪੱਤਰ ਅਨੁਸਾਰ ਨੋ ਡਰੋਨ ਜ਼ੋਨ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਪਰਾਧੀਆਂ ਨੇ ਡਰੋਨ ਰਾਹੀਂ ਸਾਮਾਨ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣਾ ਸ਼ੁਰੂ ਕਰ ਦਿਤਾ ਹੈ। ਇਸ ਕਾਰਨ ਸੁਰੱਖਿਆ ਪ੍ਰਬੰਧਾਂ ਦੀ ਉਲੰਘਣਾ ਹੋ ਰਹੀ ਹੈ।
ਜੇਲ ਦੇ ਆਲੇ-ਦੁਆਲੇ ਡਰੋਨ ਉੱਡਣ ਕਾਰਨ ਜੇਲ ਵਿਚ ਨਸ਼ਾ, ਫ਼ੋਨ, ਹਥਿਆਰ ਪਹੁੰਚਾਉਣ, ਕੈਦੀਆਂ ਦੇ ਭੱਜਣ ਵਿਚ ਮਦਦ ਅਤੇ ਅਤਿਵਾਦੀ ਹਮਲੇ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਜਿਹੇ 'ਚ ਸੁਰੱਖਿਆ ਦੇ ਮੱਦੇਨਜ਼ਰ ਜੇਲ ਦੇ ਉੱਪਰ ਅਤੇ ਆਲੇ-ਦੁਆਲੇ 500 ਮੀਟਰ ਦੇ ਅੰਦਰ ਡਰੋਨ ਉਡਾਉਣ 'ਤੇ ਪਾਬੰਦੀ ਲਗਾ ਦਿਤੀ ਗਈ ਹੈ।
ਇਸ ਤੋਂ ਪਹਿਲਾਂ ਸਟਾਫ਼ ਦੀ ਮਦਦ ਨਾਲ ਜੇਲ ਪ੍ਰਸ਼ਾਸਨ ਨੇ ਨਾਭਾ ਜੇਲ ਦੇ ਆਲੇ-ਦੁਆਲੇ ਖੜ੍ਹੇ ਹੋ ਕੇ ਡਰੋਨ ਚਲਾ ਰਹੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ। ਹਾਲਾਂਕਿ ਜਦੋਂ ਉਨ੍ਹਾਂ ਦੇ ਡਰੋਨ ਉਡਾਉਣ ਸਬੰਧੀ ਕੋਈ ਤਸੱਲੀਬਖਸ਼ ਜਵਾਬ ਨਾ ਮਿਲਿਆ ਤਾਂ ਇਨ੍ਹਾਂ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ।
ਫੜੇ ਗਏ ਨੌਜਵਾਨਾਂ ਦੀ ਗਿਣਤੀ ਤਿੰਨ ਤੋਂ ਵੱਧ ਹੈ, ਜੋ ਪਟਿਆਲਾ ਤੋਂ ਇਲਾਵਾ ਚੰਡੀਗੜ੍ਹ ਦੇ ਆਸ-ਪਾਸ ਦੇ ਦੱਸੇ ਜਾ ਰਹੇ ਹਨ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੇ ਸ਼ੁਕਰਵਾਰ ਦੁਪਹਿਰ ਨੂੰ ਜੇਲ ਦੇ ਉਪਰ ਇਕ ਡਰੋਨ ਉਡਦਾ ਦੇਖਿਆ। ਹਾਲਾਂਕਿ, ਡਰੋਨ ਨਾਲ ਕੋਈ ਵਸਤੂ ਜੁੜੀ ਨਹੀਂ ਦਿਖਾਈ ਦਿਤੀ। ਇਹ ਡਰੋਨ ਜੇਲ ਦੇ ਆਲੇ-ਦੁਆਲੇ ਲਗਾਤਾਰ ਉਡਾਇਆ ਜਾ ਰਿਹਾ ਸੀ ਤਾਂ ਜੇਲ ਪ੍ਰਸ਼ਾਸਨ ਨੇ ਸਟਾਫ ਨੂੰ ਬਾਹਰ ਭੇਜ ਦਿਤਾ। ਇਥੇ ਨੌਜਵਾਨਾਂ ਨੇ ਡਰੋਨ ਨੂੰ ਰਿਮੋਟ ਨਾਲ ਚਲਾ ਕੇ ਕੰਟਰੋਲ ਕੀਤਾ।