Ravneet Bittu : ਰਾਹੁਲ ਗਾਂਧੀ ਵਲੋਂ ਭਾਜਪਾ ’ਤੇ ਝੂਠ ਫੈਲਾਉਣ ਦੇ ਦੋਸ਼ ’ਤੇ ਰਵਨੀਤ ਬਿੱਟੂ ਦਾ ਮੋੜਵਾਂ ਵਾਰ
ਕਿਹਾ, ਕੀ ਤੁਸੀਂ ਕਿਸੇ ਸਿੱਖ ਆਗੂ ਦਾ ਨਾਮ ਦੱਸ ਸਕਦੇ ਹੋ, ਜਿਸ ਨੂੰ ਭਾਰਤ ’ਚ ਗੁਰਦੁਆਰਾ ਸਾਹਿਬ ’ਚ ਦਾਖਲ ਹੋਣ, ਪੱਗ ਬੰਨ੍ਹਣ ਜਾਂ ਕੜਾ ਪਹਿਨਣ ਤੋਂ ਰੋਕਿਆ ਗਿਆ?
Ravneet Bittu : ਕੇਂਦਰੀ ਰਾਜ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਰਵਨੀਤ ਸਿੰਘ ਬਿੱਟੂ ਨੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਆਗੂ ਅਤੇ ਰਾਹੁਲ ਗਾਂਧੀ ਦੇ ਉਸ ਬਿਆਨ ’ਤੇ ਪਲਟਵਾਰ ਕੀਤਾ ਹੈ ਜਿਸ ’ਚ ਰਾਹੁਲ ਨੇ ਕਿਹਾ ਸੀ ਕਿ ਉਨ੍ਹਾਂ ਵਲੋਂ ਅਮਰੀਕਾ ’ਚ ਦਿਤੇ ਇਕ ਬਿਆਨ ਬਾਰੇ ਭਾਜਪਾ ਝੂਠ ਫੈਲਾਅ ਰਹੀ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਆਗੂ ਅਪਣੇ ਅਮਰੀਕਾ ’ਚ ਦਿਤੇ ਬਿਆਨ ਬਾਰੇ ਸਬੂਤ ਪ੍ਰਦਾਨ ਕਰਨ ਜਾਂ ਬਿਆਨ ਵਾਪਸ ਲੈ ਲੈਣ।
ਸਨਿਚਰਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਕਰਦਿਆਂ ਰਾਹੁਲ ਗਾਂਧੀ ਨੇ ਲੋਕਾਂ ਤੋਂ ਪੁਛਿਆ ਸੀ ਕਿ ਉਨ੍ਹਾਂ ਨੇ ਜੋ ਬਿਆਨ ਦਿਤਾ ਕੀ ਉਹ ਗ਼ਲਤ ਹੈ ਜਾਂ ਸਹੀ? ਇਸ ’ਤੇ ਰਵਨੀਤ ਸਿੰਘ ਬਿੱਟੂ ਨੇ ਅੱਜ ਰਾਹੁਲ ਗਾਂਧੀ ਦੇ ਪੋਸਟ ਦਾ ਜਵਾਬ ਦਿੰਦਿਆਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਨੇਤਾ ਵਜੋਂ ਪੰਜਾਬ ਦੇ ਸਾਥੀਆਂ ਅਤੇ ਵਿਦੇਸ਼ੀ ਕਾਂਗਰਸ ਦੇ ਨੁਮਾਇੰਦਿਆਂ ਨਾਲ ਸਲਾਹ-ਮਸ਼ਵਰਾ ਕਰਨ ਨਾਲ ਅਮਰੀਕਾ ਵਿਚ ਸਿੱਖਾਂ ਬਾਰੇ ਤੁਹਾਡੇ ਨਿਰਾਸ਼ ਬਿਆਨ ਤੋਂ ਬਚਿਆ ਜਾ ਸਕਦਾ ਸੀ।
ਉਨ੍ਹਾਂ ਕਿਹਾ, ‘‘ਇਹ ਇਸ ਗੱਲ ਦਾ ਸਬੂਤ ਦਿੰਦਾ ਹੈ ਕਿ ਤੁਸੀਂ ਜਾਣਕਾਰੀ ਤੋਂ ਵਾਂਝੇ, ਭਾਰਤ ਦੀਆਂ ਜ਼ਮੀਨੀ ਹਕੀਕਤਾਂ ਤੋਂ ਬਹੁਤ ਦੂਰ ਇਕ ਨੇਤਾ ਹੋ ਅਤੇ ਇਕ ਅੰਤਰਰਾਸ਼ਟਰੀ ਮੰਚ ’ਤੇ ਅਪਣੀ ਪਾਰਟੀ ਅਤੇ ਦੇਸ਼ ਨੂੰ ਸ਼ਰਮਿੰਦਾ ਕਰ ਰਹੇ ਹੋ (ਹਮੇਸ਼ਾ ਦੀ ਤਰ੍ਹਾਂ)।’’
ਉਨ੍ਹਾਂ ਅੱਗੇ ਕਿਹਾ, ‘‘ਕੀ ਤੁਸੀਂ ਕਿਸੇ ਸਿੱਖ ਆਗੂ ਦਾ ਨਾਮ ਦੱਸ ਸਕਦੇ ਹੋ, ਇੱਥੋਂ ਤੱਕ ਕਿ ਤੁਹਾਡੀ ਆਪਣੀ ਪਾਰਟੀ ਦਾ ਵੀ, ਜਿਸ ਨੂੰ ਭਾਰਤ ’ਚ ਗੁਰਦੁਆਰਾ ਸਾਹਿਬ ’ਚ ਦਾਖਲ ਹੋਣ, ਪੱਗ ਬੰਨ੍ਹਣ ਜਾਂ ਕੜਾ ਪਹਿਨਣ ਤੋਂ ਰੋਕਿਆ ਗਿਆ ਹੈ? ਭਾਰਤ ’ਚ ਸਿੱਖ ਪੂਰੀ ਤਰ੍ਹਾਂ ਏਕੀਕ੍ਰਿਤ, ਸਤਿਕਾਰਤ ਅਤੇ ਸਵਾਗਤਯੋਗ ਹਨ ਕਿਉਂਕਿ ਇਹ ਉਨ੍ਹਾਂ ਦੀ ਮਾਤ ਭੂਮੀ ਹੈ। ਕੜਾ ਪਹਿਨਣ ਵਾਲੇ ਦਸਤਾਰਧਾਰੀ ਸਿੱਖ ਹਮੇਸ਼ਾ ਐਨ.ਡੀ.ਏ. ’ਚ ਉੱਚ ਅਹੁਦਿਆਂ ’ਤੇ ਰਹੇ ਹਨ।’’
ਉਨ੍ਹਾਂ ਰਾਹੁਲ ਗਾਂਧੀ ਨੂੰ ਚੁਨੌਤੀ ਦਿੰਦਿਆਂ ਕਿਹਾ, ‘‘ਸਬੂਤ ਪ੍ਰਦਾਨ ਕਰੋ ਜਾਂ ਬਿਆਨ ਵਾਪਸ ਲਉ। ਸਿੱਖਾਂ ਨੂੰ ਸਿਆਸੀ ਫਾਇਦੇ ਲਈ ਵਰਤਣਾ ਗ਼ਲਤ ਹੈ। ਭਾਰਤ ਸੱਚਾਈ ਅਤੇ ਏਕਤਾ ਦਾ ਹੱਕਦਾਰ ਹੈ, ਨਾ ਕਿ ਵੰਡਪਾਊ ਬਿਆਨਬਾਜ਼ੀ ਦਾ।’’