Punjab Flood News: ਮਿੱਟੀ ਨਾ ਫ਼ਰੋਲ ਜੋਗੀਆ, ਰੇਤੇ ਵਿਚੋਂ ਅਪਣੇ ਘਰ ਲੱਭ ਰਹੇ ਹਨ ਸਰਹੱਦੀ ਖੇਤਰ ਦੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Flood News: ਝੋਨੇ ਦੀ ਫ਼ਸਲ 'ਤੇ ਵੀ ਦਰਿਆ ਦਾ ਮਲਬਾ ਅਤੇ ਰੇਤ ਚੜ੍ਹ ਗਈ

Punjab Flood News in punjabi

Punjab Flood News in punjabi : ਰਾਵੀ ਦਰਿਆ ਦੇ ਪਾਣੀ ਨੇ ਪਠਾਨਕੋਟ ਜ਼ਿਲ੍ਹੇ ਦੀ ਭੋਆ ਵਿਧਾਨ ਸਭਾ ਹਲਕੇ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ। ਇਸ ਖੇਤਰ ਦੇ ਕਈ ਪਿੰਡ ਪਾਣੀ ਵਿਚ ਡੁੱਬ ਗਏ ਜਿਸ ਕਾਰਨ ਲੋਕਾਂ ਦੇ ਖੇਤ, ਘਰ ਅਤੇ ਸਾਰਾ ਘਰੇਲੂ ਸਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ। ਬੇਸ਼ੱਕ ਹੁਣ ਪਾਣੀ ਘੱਟ ਹੋ ਗਿਆ ਹੈ, ਪਰ ਪਿੱਛੇ ਬਰਬਾਦੀ ਦੇ ਨਿਸ਼ਾਨ ਛੱਡ ਗਿਆ ਹੈ। ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਾਸ਼ ਵਿਚ ਵੀ ਬਰਬਾਦੀ ਦੇ ਅਜਿਹੇ ਨਜ਼ਾਰੇ ਦੇਖਣ ਨੂੰ ਮਿਲੇ। ਜਦੋਂ ਪਾਣੀ ਘੱਟ ਹੋਇਆ ਤਾਂ ਇਕ ਪ੍ਰਵਾਰ ਅਪਣੇ ਘਰ ਵਾਪਸ ਆਇਆ, ਪਰ ਉਨ੍ਹਾਂ ਨੂੰ ਘਰ ਦਾ ਨਾਮੋ-ਨਿਸ਼ਾਨ ਤਕ ਨਾ ਮਿਲਿਆ।

ਬੱਚੇ, ਬਜ਼ੁਰਗ ਅਤੇ ਜਵਾਨ ਹੱਥਾਂ ਨਾਲ ਰੇਤ ਖੋਦ ਕੇ ਘਰ ਦੇ ਨਿਸ਼ਾਨ ਤੇ ਅਪਣਾ ਬਚਿਆ-ਖੁਚਿਆ ਸਾਮਾਨ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ। ਰਾਵੀ ਦਰਿਆ ਦੇ ਕੰਢੇ ਖੇਤਾਂ ’ਚ ਲੱਗੇ ਝੋਨੇ ਦੀ ਫ਼ਸਲ ’ਤੇ ਵੀ ਦਰਿਆ ਦਾ ਮਲਬਾ ਅਤੇ ਰੇਤ ਚੜ੍ਹ ਗਈ ਹੈ। ਇਹ ਪਿੰਡ ਸਿੱਧਾ ਦਰਿਆ ਨਾਲ ਲਗਦਾ ਹੈ ਅਤੇ ਪਾਣੀ ਦੀ ਮਾਰ ਨਾਲ ਬੁਰੀ ਤਰ੍ਹਾਂ ਤਬਾਹ ਹੋਇਆ ਹੈ। ਕਈ ਪ੍ਰਵਾਰਾਂ ਦੇ ਘਰ ਪੂਰੀ ਤਰ੍ਹਾਂ ਡਿੱਗ ਗਏ ਹਨ।

ਇਸ ਸਬੰਧੀ ਜਦੋਂ ਪੀੜਤ ਪ੍ਰਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਉਹ ਕਈ ਸਾਲਾਂ ਤੋਂ ਪਿੰਡ ਵਿਚ ਖੇਤੀ ਕਰ ਰਹੇ ਸਨ, ਪਰ ਇਸ ਹੜ੍ਹ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿਤਾ ਹੈ। ਉਨ੍ਹਾਂ ਦਾ ਸਾਰਾ ਘਰ ਹੀ ਹੜ੍ਹ ਦੇ ਪਾਣੀ ਵਿਚ ਵਹਿ ਗਿਆ। ਇਥੋਂ ਤਕ ਕਿ ਘਰ ਦਾ ਮਲਬਾ ਵੀ ਉਨ੍ਹਾਂ ਨੂੰ ਨਾ ਮਿਲਿਆ। ਉਨ੍ਹਾਂ ਨੇ ਕੇਵਲ ਅਪਣੀਆਂ ਜਾਨਾਂ ਹੀ ਬਚਾਈਆਂ। ਕਈ ਹੋਰ ਪ੍ਰਵਾਰ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਹਨ। ਇਹ ਸਾਰੇ ਅਜੇ ਵੀ ਧੁੱਸੀ ’ਤੇ ਤਿਰਪਾਲ ਲਗਾ ਕੇ ਅਪਣਾ ਸਮਾਂ ਬਿਤਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਅਪਣੀ ਜ਼ਿੰਦਗੀ ਮੁੜ ਤੋਂ ਨਵੇਂ ਸਿਰੇ ਨਾਲ ਸ਼ੁਰੂ ਕਰਨੀ ਪਏਗੀ। ਪੀੜਤਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

(For more news apart from “Punjab Flood News in punjabi,” stay tuned to Rozana Spokesman.)