ਐਸਜੀਪੀਸੀ ਵੱਲੋਂ ਮਨਾਈ ਜਾ ਰਹੀ 350 ਸਾਲਾ ਸ਼ਤਾਬਦੀ ਦਾ ਕੀਤਾ ਜਾਵੇਗਾ ਵਿਰੋਧ: ਭਾਈ ਅਮਰੀਕ ਸਿੰਘ ਅਜਨਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਦੀ ਪ੍ਰੈਸ ਕਾਨਫਰੰਸ

SGPC will oppose the 350th centenary celebrations: Bhai Amrik Singh Ajnala

ਅੰਮ੍ਰਿਤਸਰ: ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਤਾਬਦੀ ਮਨਾਉਣ ’ਤੇ ਸਖ਼ਤ ਵਿਰੋਧ ਜ਼ਾਹਰ ਕੀਤਾ। 

ਉਹਨਾਂ ਦੋਸ਼ ਲਗਾਇਆ ਕਿ ਐਸਜੀਪੀਸੀ ਨੇ 328 ਸਰੂਪਾਂ ਦੀ ਗੁੰਮਸ਼ੁਦਗੀ ਮਾਮਲੇ ਵਿੱਚ ਨਾ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਜਨਤਕ ਤੌਰ ’ਤੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਹੈ। ਇਸ ਤੋਂ ਇਲਾਵਾ ਬੁਰਜ ਜਵਾਹਰ ਸਿੰਘ ਵਿਖੇ ਸਰੂਪ ਚੋਰੀ, ਬਰਗਾੜੀ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਵਰਗੇ ਗੰਭੀਰ ਮਾਮਲਿਆਂ ਵਿੱਚ ਵੀ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।

ਭਾਈ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਜਦੋਂ ਐਸਜੀਪੀਸੀ ਨਗਰ ਕੀਰਤਨ ਕੱਢੇਗੀ ਤਾਂ ਉਹਨਾਂ ਦਾ ਵਿਰੋਧ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਸਿੱਖ ਪੰਥ ਅਤੇ ਸਿੱਖ ਸੰਗਤ ਰਲ ਕੇ ਸ਼ਤਾਬਦੀ ਮਨਾਉਣ ਉਹ ਵੀ ਤਿਆਰ ਹਨ, ਪਰ ਐਸਜੀਪੀਸੀ ਅਤੇ ਬਾਦਲ ਦਲ ਦੀ ਅਗਵਾਈ ਹੇਠ ਹੋ ਰਹੀ ਸ਼ਤਾਬਦੀ ਨੂੰ ਉਹ ਕਦੇ ਵੀ ਸਵੀਕਾਰ ਨਹੀਂ ਕਰਨਗੇ।

ਉਹਨਾਂ ਐਲਾਨ ਕੀਤਾ ਕਿ ਜਿੱਥੇ ਵੀ ਜ਼ਰੂਰਤ ਪਈ ਉਹ ਵਿਰੋਧ ਕਰਨ ਤੋਂ ਪਿੱਛੇ ਨਹੀਂ ਹਟਣਗੇ, ਭਾਵੇਂ ਗੁਰੂ ਸਾਹਿਬ ਲਈ ਟਕਰਾਅ ਦੀ ਸਥਿਤੀ ਹੀ ਕਿਉਂ ਨਾ ਬਣ ਜਾਵੇ। ਹਾਲਾਂਕਿ ਉਹਨਾਂ ਸਪੱਸ਼ਟ ਕੀਤਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦਾ ਪੂਰਾ ਸਤਿਕਾਰ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਸਿਰਪਾਓ ਭੇਟ ਕੀਤਾ ਜਾਵੇਗਾ, ਪਰ ਬਾਦਲ ਦਲ ਦੇ ਲੋਕਾਂ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ।