ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਸੰਗੀਤਕਾਰ ਜਨਾਬ ਚਰਨਜੀਤ ਅਹੂਜਾ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਆਹੂਜਾ ਸਾਬ੍ਹ ਦੇ ਜਾਣ ਨਾਲ ਇੱਕ ਦੌਰ ਦਾ ਅੰਤ ਹੋਇਆ ਹੈ'

Tarunpreet Singh Saund expresses grief over the demise of musician Mr. Charanjit Ahuja

ਚੰਡੀਗੜ੍ਹ: ਪੰਜਾਬ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰਸਿੱਧ ਸੰਗੀਤਕਾਰ ਜਨਾਬ ਚਰਨਜੀਤ ਅਹੂਜਾ ਦੇ ਦੇਹਾਂਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਆਪਣੇ ਸ਼ੋਕ ਸੰਦੇਸ਼ ਵਿੱਚ ਸੌਂਦ ਨੇ ਕਿਹਾ ਕਿ ਅਹੂਜਾ ਸਾਬ੍ਹ ਦੇ ਜਾਣ ਨਾਲ ਇੱਕ ਦੌਰ ਦਾ ਅੰਤ ਹੋਇਆ ਹੈ। ਉਨ੍ਹਾਂ ਦੀਆਂ ਸੰਗੀਤਕ ਧੁਨਾਂ ਰਹਿੰਦੀ ਦੁਨੀਆਂ ਤੱਕ ਗੂੰਜਦੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਚਰਨਜੀਤ ਅਹੂਜਾ ਵੱਲੋਂ ਬਣਾਏ ਗਾਣੇ ਲਾਜਵਾਬ, ਸਕੂਨਦਾਇਕ ਤੇ ਯਾਦਗਾਰੀ ਹਨ। ਕਿੰਨੇ ਹੀ ਗਾਇਕਾਂ ਨੂੰ ਉਨ੍ਹਾਂ ਨੇ ਬੁਲੰਦੀਆਂ ਉੱਤੇ ਪਹੁੰਚਾਇਆ ਪਰ ਖੁਦ ਜ਼ਮੀਨ ਨਾਲ ਜੁੜੇ ਰਹੇ। ਉਨ੍ਹਾਂ ਕਿਹਾ ਕਿ ਅਜਿਹੀ ਸੰਗੀਤਕ ਸਖਸ਼ੀਅਤ ਦੇ ਤੁਰ ਜਾਣ ਨਾਲ ਪੰਜਾਬੀ ਸੰਗੀਤਕ ਉਦਯੋਗ ਨੂੰ ਪਿਆ ਘਾਟਾ ਕਦੇ ਵੀ ਪੂਰਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬੀ ਗੀਤ ਸੰਗੀਤ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਵਿੱਚ ਚਰਨਜੀਤ ਅਹੂਜਾ ਸਦਾ ਜਿਊਂਦੇ ਰਹਿਣਗੇ।

ਹਰ ਪਲ ਸੰਗੀਤਕ ਧੁਨਾਂ ਵਿੱਚ ਸਾਹ ਲੈਣ ਵਾਲੇ ਚਰਨਜੀਤ ਅਹੂਜਾ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਉੱਤੇ ਸੌਂਦ ਨੇ ਅਹੂਜਾ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।  ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਪ੍ਰਮਾਤਮਾ ਨੇਕ ਰੂਹ ਨੂੰ ਆਪਣੇ ਚਰਨਾਂ ਵਿੱਚ ਥਾਂ ਬਖ਼ਸ਼ੇ ਅਤੇ ਅਹੂਜਾ ਪਰਿਵਾਰ, ਰਿਸ਼ਤੇਦਾਰਾਂ ਤੇ ਪ੍ਰਸ਼ੰਸਕਾਂ ਨੂੰ ਇਹ ਦੁੱਖ ਦੀ ਘੜੀ ਸਹਿਣ ਦਾ ਬਲ ਦੇਵੇ।