ਖੇਤੀ ਕਾਨੂੰਨ ਤਾਂ ਬਹਾਨਾ ਹੈ, ਅਸਲ 'ਚ ਕੇਦਰ ਦਾ ਪੰਜਾਬ ਨਿਸ਼ਾਨਾ ਹੈ : ਖਾਲੜਾ ਮਿਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਥੇਬੰਦੀ ਨੇ ਕਿਹਾ ਕਿ ਕਿਸਾਨ ਦੀ ਅੱਜ ਦੀ ਹਾਲਤ ਲਈ ਸਿੱਧੇ ਰੂਪ ਵਿਚ ਮੰਨੂਵਾਦੀਏ, 84 ਵਾਲੇ ਅਤੇ ਬੇਅਦਬੀ ਦਲ ਜ਼ਿੰਮੇਵਾਰ ਹੈ

Bibi Paramjit Kaur Khalra

ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਦਿਆਲ ਸਿੰਘ ਘਰਿਆਲਾ, ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ,  ਸਤਵਿੰਦਰ ਸਿੰਘ, ਪ੍ਰਵੀਨ ਕੁਮਾਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਮੰਨੂਵਾਦੀਆਂ ਅਤੇ ਉਨ੍ਹਾਂ ਦੇ ਪੈਰੋਕਾਰਾਂ ਵਲੋਂ ਖੇਤੀ ਕਾਨੂੰਨ ਅਤੇ ਕਾਨੂੰਨੀ ਸੋਧਾਂ ਲਿਆ ਕੇ ਗੁਰਾਂ ਦੇ ਪੰਜਾਬ ਨੂੰ ਖ਼ਾਸ ਕਰ ਕੇ ਅਤੇ ਲੋਕਾਈ ਨੂੰ ਆਮ ਕਰ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਜਥੇਬੰਦੀ ਨੇ ਕਿਹਾ ਕਿ ਕਿਸਾਨ ਦੀ ਅੱਜ ਦੀ ਹਾਲਤ ਲਈ ਸਿੱਧੇ ਰੂਪ ਵਿਚ ਮੰਨੂਵਾਦੀਏ, 84 ਵਾਲੇ ਅਤੇ ਬੇਅਦਬੀ ਦਲ ਜ਼ਿੰਮੇਵਾਰ ਹੈ। ਅੱਜ ਮੰਨੂਵਾਦੀਆਂ ਦੁਆਰਾ ਅਪਣਾਇਆ ਵਿਕਾਸ ਦਾ ਝੂਠਾ ਮਾਡਲ ਕਿਸਾਨ-ਗ਼ਰੀਬ ਘੱਟ ਗਿਣਤੀਆਂ ਅਤੇ ਦੇਸ਼ ਦੀ ਸਮੁਚੀ ਲੋਕਾਈ ਦੇ ਵਿਨਾਸ਼ ਦਾ ਕਾਰਨ ਬਣ ਗਿਆ ਹੈ। ਹਾਕਮ ਧਿਰਾਂ ਅੱਜ ਦੇ ਭਾਈ ਲਾਲੋ ਦੇ ਵਾਰਸਾਂ ਦੇ ਹੱਕ ਵਿਚ ਖਲੋਣ ਦੀ ਬਜਾਏ ਅੱਜ ਦੇ ਮਲਕਭਾਗੋਆਂ ਨਾਲ ਯਾਰੀਆਂ ਨਿਭਾ ਰਹੀਆਂ ਹਨ।

ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕਢਦਿਆਂ ਕਿਸਾਨਾਂ-ਗ਼ਰੀਬਾਂ ਦੇ ਪੁੱਤਰਾਂ ਧੀਆਂ ਅਤੇ ਸਿੱਖੀ ਦੇ ਪਹਿਰੇਦਾਰਾਂ ਨੂੰ ਸ੍ਰੀ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਬੋਲ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹੀਦ ਕੀਤਾ। ਜ਼ੁਲਮ ਦਾ ਕੁਹਾੜਾ ਹੋਰ ਤੇਜ਼ ਹੋਇਆ ਸਿੱਖੀ ਸਰੂਪ ਵਿਚ ਕਿਸਾਨਾਂ ਗ਼ਰੀਬਾਂ ਦੇ ਪੁੱਤਰਾਂ, ਧੀਆਂ ਅਤੇ ਮਾਪਿਆਂ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਘਰਾਂ ਤੋਂ ਚੁਕ ਕੇ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕਰ ਦਿਤਾ।

ਖੇਤੀ ਕਾਨੂੰਨ ਲਿਆਉਣ ਵਾਲੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀਆਂ ਗੱਲਾਂ ਕਰਨ ਵਾਲੇ ਉਹੋ ਹਨ ਜਿਨ੍ਹਾਂ ਪੰਜਾਬ ਦੀ ਧਰਤੀ ਝੂਠੇ ਮੁਕਾਬਲਿਆਂ ਵਿਚ ਰੰਗ ਕੇ ਜਿੱਤ ਦੇ ਨਿਸ਼ਾਨ ਬਣਾਏ। ਪੰਜਾਬ ਤੇ ਰਾਜ ਕਰਦਿਆਂ ਪੰਜਾਬ ਦਾ ਕਿਸਾਨ-ਗ਼ਰੀਬ ਕਿਵੇਂ ਕੰਗਾਲ ਹੋ ਗਿਆ? ਅੱਜ ਕੈਪਟਨ ਸਰਕਾਰ ਹੋਵੇ ਜਾਂ ਦਿਲੀ ਸਰਕਾਰ ਜਦੋਂ ਗ਼ਰੀਬ ਦੀ ਬਾਂਹ ਫੜਨ ਦਾ ਮਾਮਲਾ ਹੋਵੇ ਤਾਂ ਝੱਟ ਬਿਆਨ ਆਉਂਦੇ ਹਨ ਕਿ ਸਰਕਾਰ ਕੋਲ ਪੈਸਾ ਨਹੀਂ।

ਕੇ.ਐਮ.ਓ ਕਿਸਾਨਾਂ-ਬੀਬੀਆਂ,ਬੱਚਿਆਂ ਵਲੋਂ ਲੜੇ ਜਾ ਰਹੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦੀ ਹੈ ਅਤੇ ਬੇਨਤੀ ਕਰਦੀ ਹੈ ਕਿ ਜਿੰਨਾ ਚਿਰ ਇਸ ਮਾਡਲ ਦੀਆਂ ਹਾਮੀ ਧਿਰਾਂ ਨੂੰ ਪਾਸੇ ਕਰ ਕੇ ਹਲੇਮੀ ਰਾਜ, ਕਾਨੂੰਨ ਦੇ ਰਾਜ ਦੀਆਂ ਹਾਮੀ ਧਿਰਾਂ ਅੱਗੇ ਨਹੀਂ ਆਉਂਦੀਆਂ ਨਾ ਕਿਸਾਨ-ਗ਼ਰੀਬ ਦਾ ਨਾ ਪੰਥ ਤੇ ਪੰਜਾਬ ਦਾ ਭਲਾ ਹੋ ਸਕਦਾ ਹੈ।