ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚ ਦੂਰੀਆਂ ਘਟਣ ਲਗੀਆਂ
ਮੱਧ ਪ੍ਰਦੇਸ਼ ਚੋਣਾਂ ਬਾਅਦ ਮਿਲ ਸਕਦਾ ਹੈ ਉਪ ਮੁੱਖ ਮੰਤਰੀ ਦਾ ਅਹੁਦਾ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਲੰਮੇ ਸਮੇਂ ਤੋਂ ਟਕਰਾਅ ਦੇ ਰਾਹ 'ਤੇ ਚਲ ਰਹੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਵਿਚ ਦੂਰੀਆਂ ਹੁਣ ਪਾਰਟੀ ਹਾਈਕਮਾਨ ਦੇ ਦਖ਼ਲ ਬਾਅਦ ਘਟਣ ਲੱਗੀਆਂ ਹਨ। ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਵਿਚ ਲੰਮੇ ਸਮੇਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ਅਤੇ ਮੁੱਖ ਮੰਤਰੀ ਦੀ ਤਾਰੀਫ਼ ਕਰਨ ਤੋਂ ਬਾਅਦ ਹੁਣ ਅੰਦਰੂਨੀ ਖ਼ਬਰਾਂ ਮੁਤਾਬਕ ਦੋਹਾਂ ਵਿਚ ਸੁਲਾਹ ਸਫ਼ਾਈ ਦਾ ਰਾਹ ਪੱਧਰਾ ਹੋ ਚੁੱਕਾ ਹੈ।
ਜਦ ਕਿ ਕੁੱਝ ਦਿਨ ਪਹਿਲਾਂ ਪੰਜਾਬ ਵਿਚ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਸਮੇਂ ਟਰੈਕਟਰ ਰੈਲੀ ਦੌਰਾਨ ਮੰਚ 'ਤੇ ਮੰਤਰੀ ਰੰਧਾਵ ਨਾਲ ਹੋਈ ਕਹਾ-ਸੁਣੀ ਬਾਅਦ ਮੀਡੀਆ ਵਿਚ ਨਵਜੋਤ ਸਿੰਘ ਸਿੱਧੂ ਬਾਰੇ ਹਾਈਕਮਾਂਡ ਵਿਚ ਨਰਾਜ਼ਗੀ ਵਧਣ ਦੀਆਂ ਖ਼ਬਰਾਂ ਛਪਣ ਲੱਗੀਆਂ ਸਨ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਵੀ ਕੈਪਟਨ ਤੇ ਸਿੱਧੂ ਨੂੰ ਨੇੜੇ ਲਿਆਉਣ ਵਿਚ ਅਹਿਮ ਭੂਮਿਕਾ ਹੈ।
ਮਿਲੀਆਂ ਖ਼ਬਰਾਂ ਮੁਤਾਬਕ ਹੁਣ ਕੈਪਟਨ ਦਾ ਮੁੱਖ ਸਿੱਧੂ ਪ੍ਰਤੀ ਕਾਫ਼ੀ ਨਰਮ ਪੈ ਗਿਆ ਹੈ ਤੇ ਇਸ ਦਾ ਨਤੀਜਾ ਹੀ ਸੀ ਸਿੱਧੂ ਨੇ ਵੀ ਵਿਧਾਨ ਸਭਾ ਵਿਚ ਮੁੱਖ ਮੰਤਰੀ ਦੀ ਤਾਰੀਫ਼ ਕੀਤੀ। ਪਤਾ ਲੱਗਾ ਹੈ ਕਿ ਹੁਣ ਪਾਰਟੀ ਹਾਈਕਮਾਨ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦਿਵਾਉਣ ਦੇ ਯਤਨ ਕਰ ਰਿਹਾ ਹੈ ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਸਹਿਮਤ ਹੋ ਜਾਂਦੇ ਹਨ
ਤਾਂ ਮੱਧ ਪ੍ਰਦੇਸ਼ ਵਿਚ ਨਵੰਬਰ ਮਹੀਨੇ ਹੋਣ ਵਾਲੀਆਂ ਉਪ ਚੋਣਾਂ ਬਾਅਦ ਸਿੱਧੂ ਨੂੰ ਇਹ ਅਹੁਦਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਸਿੱਧੂ ਨੂੰ ਪਾਰਟੀ ਹਾਈਕਮਾਨ ਨੇ ਮੱਧ ਪ੍ਰਦੇਸ਼ ਚੋਣ ਦੇ ਸਟਾਰ ਪ੍ਰਚਾਰਕਾਂ ਵਿਚ ਵੀ ਸ਼ਾਮਲ ਕੀਤਾ ਹੈ ਤੇ ਉਥੇ ਦੇ ਨਤੀਜਿਆਂ ਦੀ ਕਾਰਗੁਜ਼ਾਰੀ ਵੀ ਸਿੱਧੂ ਲਈ ਲਾਹੇਵੰਦ ਸਾਬਤ ਹੋਵੇਗੀ।
ਕੈਪਟਨ ਨੇ ਵੀ ਕੀਤੀ ਸਿੱਧੂ ਦੀ ਤਾਰੀਫ਼
ਇਸੇ ਦੌਰਾਨ ਅੱਜ ਪੰਜਾਬ ਭਵਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਨਵਜੋਤ ਸਿੰਘ ਸਿੱਧੂ ਵਲੋਂ ਵਿਧਾਨ ਸਭਾ ਵਿਚ ਦਿਤੇ ਭਾਸ਼ਣ ਦੀ ਤਾਰੀਫ਼ ਕੀਤੀ ਹੈ। ਇਸ ਨਾਲ ਹੀ ਸਿੱਧੂ ਨੂੰ ਜਨਮ ਦਿਨ ਦੀ ਵਧਾਈ ਵੀ ਦਿਤੀ। ਉਨ੍ਹਾਂ ਕਿਹਾ ਕਿ ਮੈਨੂੰ ਕਲ ਪਤਾ ਹੀ ਨਹੀਂ ਲੱਗਾ ਨਹੀਂ ਤਾਂ ਮੈਂ ਪਹਿਲਾਂ ਹੀ ਵਧਾਈ ਦਿੰਦਾ। ਉਨ੍ਹਾਂ ਸਿੱਧੂ ਦੀ ਭਵਿੱਖ ਵਿਚ ਤਰੱਕੀ ਤੇ ਸਫ਼ਲਤਾ ਦੀ ਕਾਮਨਾ ਕੀਤੀ ਹੈ।
ਸਿੱਧੂ ਲਈ ਪਾਰਟੀ 'ਚ ਅਹੁਦਿਆਂ ਦੀ ਕਮੀ ਨਹੀਂ: ਰਾਵਤ
ਅੱਜ ਇਥੇ ਪਹੁੰਚੇ ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਹਰੀਸ਼ ਰਾਵਤ ਨੇ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਲਈ ਪਾਰਟੀ ਵਿਚ ਅਹੁਦਿਆਂ ਦੀ ਕੋਈ ਕਮੀ ਨਹੀਂ। ਉਨ੍ਹਾਂ ਕਿਹਾ ਇਹ ਗੱਲ ਮੁੜ ਦੁਹਰਾਈ ਕਿ ਸਿੱਧੂ ਕਾਂਗਰਸ ਦਾ ਭਵਿੱਖ ਹੈ ਅਤੇ ਉਨ੍ਹਾਂ ਬਾਰੇ ਪਾਰਟੀ ਸਹੀ ਸਮੇਂ ਤੇ ਸਹੀ ਨਿਰਣਾ ਲਵੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਵੀ ਸਿੱਧੂ ਦਾ ਕੋਈ ਵਿਰੋਧ ਨਹੀਂ ਹੈ ਅਤੇ ਪਾਰਟੀ ਸਿੱਧੂ ਦੀ ਕਾਬਲੀਅਤ ਨੂੰ ਸਮਝਦੀ ਹੈ।