ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਵਿਰੋਧੀ ਧਿਰ ਵਲੋਂ ਭਾਰੀ ਹੰਗਾਮਾ, ਨਾਹਰੇਬਾਜ਼ੀ ਤੇ ਵਾਕ-ਆਊਟ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਸੈਸ਼ਨ ਦੇ ਆਖ਼ਰੀ ਦਿਨ ਵਿਰੋਧੀ ਧਿਰ ਵਲੋਂ ਭਾਰੀ ਹੰਗਾਮਾ, ਨਾਹਰੇਬਾਜ਼ੀ ਤੇ ਵਾਕ-ਆਊਟ

image

image

ਐਸ.ਸੀ. ਵਜ਼ੀਫ਼ਾ ਘਪਲੇ ਤੇ ਐਮ.ਐਸ.ਪੀ. ਦੇ ਮੁੱਦਿਆਂ ਦੀ ਗੂੰਜ, ਸਦਨ ਦੇ ਅੰਦਰ ਤੇ ਬਾਹਰ ਕੀਤੀ ਜੰਮ ਕੇ ਨਾਹਰੇਬਾਜ਼ੀ
 

ਚੰਡੀਗੜ੍ਹ, 21 ਅਕਤੂਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਧਾਨ ਸਭਾ ਦਾ ਤਿੰਨ ਦਿਨਾ ਵਿਸ਼ੇਸ਼ ਸੈਸ਼ਨ ਅੱਜ ਵਿਰੋਧੀ ਦਲਾਂ ਦੇ ਭਾਰੀ ਹੰਗਾਮਿਆਂ ਤੇ ਵਾਕ-ਆਊਟ ਦੇ ਚਲਦਿਆਂ ਅਣਮਿਥੇ ਸਮੇਂ ਲਈ ਮੁਲਤਵੀ ਹੋ ਗਿਆ। ਅੱਜ ਸਵੇਰੇ ਕਾਰਵਾਈ ਸ਼ੁਰੂ ਹੁੰਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਵਲੋਂ ਐਸ.ਸੀ. ਵਜੀਫ਼ਾ ਘਪਲੇ ਅਤੇ ਪਾਸ ਖੇਤੀ ਬਿਲ ਵਿਚ ਐਮ.ਐਸ.ਪੀ. ਨੂੰ ਯਕੀਨੀ ਬਣਾਉਣ ਦੇ ਮੁੱਦੇ ਉਠਾਉਣ ਦਾ ਯਤਨ ਕੀਤਾ ਗਿਆ।
ਸ਼ਰਨਜੀਤ ਸਿੰਘ ਢਿੱਲੋਂ, ਬਿਕਰਮ ਸਿੰਘ ਮਜੀਠੀਆ ਅਤੇ ਪਵਨ ਕੁਮਾਰ ਟੀਨੂੰ ਦੀ ਅਗਵਾਈ ਵਿਚ ਅਕਾਲੀ ਦਲ ਮੈਂਬਰਾਂ ਨੇ ਵਜੀਫ਼ਾ ਘਪਲੇ ਦਾ ਮੁੱਦਾ ਚੁਕਿਆ ਅਤੇ ਆਮ ਆਦਮੀ ਪਾਰਟੀ ਵਲੋਂ ਹਰਪਾਲ ਸਿੰਘ ਚੀਮਾ ਅਤੇ ਅਮਨ ਅਰੋੜਾ ਦੀ ਅਗਵਾਈ ਹੇਠ ਬੀਤੇ ਦਿਨੀਂ ਪਾਸ ਖੇਤੀ ਬਿਲ ਵਿਚ ਸਾਰੀਆਂ ਫ਼ਸਲਾਂ ਦੀ ਐਮ.ਐਸ.ਪੀ. ਨੂੰ ਯਕੀਨੀ ਬਣਾਉਣ ਦਾ ਮਾਮਲਾ ਚੁਕਿਆ ਪਰ ਸਪੀਕਰ ਵਲੋਂ ਇਨ੍ਹਾਂ ਮੁੱਦਿਆਂ 'ਤੇ ਬਹਿਸ ਦੀ ਆਗਿਆ ਨਾ ਮਿਲਣ 'ਤੇ ਦੋਵਾਂ ਦਲਾਂ ਵਲੋਂ ਸਦਨ ਵਿਚ ਭਾਰੀ ਹੰਗਾਮਾ, ਨਾਹਰੇਬਾਜ਼ੀ ਤੇ ਸ਼ੋਰ ਸ਼ਰਾਬਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵਜੀਫ਼ੇ ਦੇ ਘਪਲੇ ਦਾ ਮੁੱਦੇ ਲੋਕ ਇਨਸਾਫ਼ ਪਾਰਟੀ ਵਲੋਂ ਵੀ ਸਿਮਰਜੀਤ ਸਿੰਘ ਬੈਂਸ ਨੇ ਉਠਾਇਆ। ਇਸ ਮਾਮਲੇ ਵਿਚ ਮੁੱਖ ਸਕੱਤਰ ਵਲੋਂ ਦਿਤੀ ਕਲੀਨ ਚਿੱਟ ਨੂੰ ਗ਼ਲਤ ਦਸਦਿਆਂ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਗਈ। ਸਾਧੂ ਸਿੰਘ ਧਰਮਸੋਤ ਦੀ ਮੰਤਰੀ ਵਿਚੋਂ ਬਰਖ਼ਾਸਤਗੀ ਦੀ ਵੀ ਮੰਗ ਕੀਤੀ ਗਈ ਹੈ। ਇਸੇ ਦੌਰਾਨ ਆਮ ਆਦਮੀ ਪਾਰਟੀ ਸਦਨ ਵਿਚੋਂ ਵਾਕਆਊਟ ਕਰ ਗਈ। ਅਕਾਲੀ ਦਲ ਵਲੋਂ ਸਦਨ ਦੇ ਅੰਦਰ ਤੇ ਬਾਹਰ ਜੰਮ ਕੇ ਨਾਹਰੇਬਾਜ਼ੀ ਤੇ ਹੰਗਾਮਾ ਕੀਤਾ ਗਿਆ। ਅਕਾਲੀ ਦਲ ਦੇ ਮੈਂਬਰਾਂ ਦੇ ਹੱਥਾਂ ਵਿਚ ਧਰਮਸੋਤ ਵਿਰੁਧ ਲਿਖੇ ਨਾਹਰਿਆਂ ਤੇ ਤਸਵੀਰਾਂ ਵਾਲੀਆਂ ਤਖ਼ਤੀਆਂ ਸਨ। ਇਸੇ ਦੌਰਾਨ ਸਪੀਕਰ ਵਲੋਂ 7 ਬਿਲ ਪਾਸ ਕਰਵਾਉਣ ਉਪਰੰਤ ਸਦਨ ਦੀ ਕਾਰਵਾਈ ਮੁਲਤਵੀ ਕਰ ਦਿਤੀ ਗਈ ਹੈ।