ਜਗੀਰ ਕੌਰ ਵਲੋਂ ਫ਼ਰਜ਼ਾਨਾ ਆਲਮ ਦੀ ਨਿਯੁਕਤੀ ਨਾਲ ਅਕਾਲੀ ਦਲ (ਬ) ਮੁੜ ਸਿੱਖ ਪੰਥ ਦੇ ਨਿਸ਼ਾਨੇ 'ਤੇ ਆਇਆ
ਜਗੀਰ ਕੌਰ ਵਲੋਂ ਫ਼ਰਜ਼ਾਨਾ ਆਲਮ ਦੀ ਨਿਯੁਕਤੀ ਨਾਲ ਅਕਾਲੀ ਦਲ (ਬ) ਮੁੜ ਸਿੱਖ ਪੰਥ ਦੇ ਨਿਸ਼ਾਨੇ 'ਤੇ ਆਇਆ
ਮੇਰਾ ਉਸ ਲਿਸਟ ਵਿਚੋਂ ਨਾਂਅ ਕੱਟ ਦਿਉ ਜਿਸ 'ਚ ਸਿੱਖ ਨੌਜਵਾਨਾਂ ਦੇ ਕਾਤਲਾਂ ਦੇ ਨਂਅ ਦਰਜ ਹੋਣ : ਕਿਰਨਜੋਤ ਕੌਰ
ਮਾਨਸਾ, 21 ਅਕਤੂਬਰ (ਸੁਖਵੰਤ ਸਿੰਘ ਸਿੱਧੂ): ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਸਾਬਕਾ ਪੁਲਿਸ ਅਫ਼ਸਰ ਇਜ਼ਹਾਰ ਆਲਮ ਦੀ ਪਤਨੀ ਫ਼ਰਜ਼ਾਨਾ ਆਲਮ ਨੂੰ ਇਸਤਰੀ ਵਿੰਗ ਦੀ ਜਰਨਲ ਸਕੱਤਰ ਨਿਯੁਕਤ ਕਰਨ ਦਾ ਮੁੱਦਾ ਪੰਥਕ ਹਲਕਿਆਂ ਵਿਚ ਭਖਣ ਲੱਗਾ ਹੈ।
ਫ਼ਰਜ਼ਾਨਾ ਆਲਮ ਦੀ ਅਕਾਲੀ ਦਲ (ਬ) ਵਿਚ ਜਰਨਲ ਸਕੱਤਰ ਵਜੋਂ ਨਿਯੁਕਤੀ ਬਾਰੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਗੁਰਸੇਵਕ ਸਿੰਘ ਜਵਾਹਰਕੇ ਨੇ ਸਖ਼ਤ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ “ਜਿਹੋ ਜਿਹੀ ਕੋਕੋ ਉਹੋ ਜਿਹੇ ਬੱਚੇ'' ਇਸਤਰੀ ਅਕਾਲੀ ਦਲ ਦੀ ਪ੍ਰਧਾਨ ਜਗੀਰ ਕੌਰ ਆਪ ਵੀ “ਕੁੜੀਮਾਰ'' ਦੋਸ਼ਾਂ ਵਿਚ ਘਿਰੀ ਹੋਈ ਹੈ। ਇਸ ਕੋਲੋਂ ਕਦੇ ਵੀ ਚੰਗੇ ਕੰਮ ਦੀ ਉਮੀਦ ਨਹੀਂ ਰੱਖੀ ਜਾ ਸਕਦੀ।
ਉਨ੍ਹਾਂ ਕਿਹਾ ਬਾਦਲ ਪ੍ਰਵਾਰ ਨੇ ਹਮੇਸ਼ਾ ਹੀ ਪੰਥ ਦੁਸ਼ਮਣ ਤਾਕਤਾਂ ਨਾਲ ਭਾਈਵਾਲੀ ਡਟਕੇ ਨਿਭਾਈ ਹੈ ਜਿਵੇਂ ਆਰ.ਐਸ.ਐਸ. ਤੇ ਭਾਜਪਾ ਨਾਲ ਮਿਲ ਕੇ ਪੰਜਾਬ ਨੂੰ ਧਾਰਮਕ, ਆਰਥਕ ਅਤੇ ਸਮਾਜਕ ਖੇਤਰ ਵਿਚ ਬਰਬਾਦ ਕੀਤਾ ਅਤੇ ਸਿੱਖਾਂ ਦੇ ਕਾਤਲ ਸੁਮੇਧ ਸੈਣੀ ਨੂੰ ਡੀ.ਜੀ.ਪੀ. ਲਾਇਆ। ਜਥੇਦਾਰ ਜਵਾਹਰਕੇ ਨੇ ਜਗੀਰ ਕੌਰ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਉਹ ਫ਼ਰਜ਼ਾਨਾ ਦੀ ਨਿਯੁਕਤੀ ਤੁਰਤ ਰੱਦ ਕਰਨ। ਉਨ੍ਹਾਂ ਕਿਹਾ ਜੇਕਰ ਨਿਯੁਕਤੀ ਰੱਦ ਨਾ ਕੀਤੀ ਤਾਂ ਜਗੀਰ ਕੌਰ ਨੂੰ ਸਿੱਖ ਕੌਮ ਕਿਧਰੇ ਵੀ ਜਨਤਕ ਤੌਰ ਉਤੇ ਵਿਚਰਨ ਨਹੀਂ ਦੇਵੇਗੀ ਅਤੇ ਉਸ ਦਾ ਘਿਰਾਉ ਕੀਤਾ ਜਾਵੇਗਾ।
ਐਸਜੀਪੀਸੀ ਦੀ ਮੈਂਬਰ ਬੀਬੀ ਕਿਰਨਜੋਤ ਕੌਰ ਅੰਮ੍ਰਿਤਸਰ ਨੇ ਫ਼ਰਜ਼ਾਨਾ ਆਲਮ ਦੀ ਨਿਯੁਕਤੀ 'ਤੇ ਸਖ਼ਤ ਰੋਸ ਪ੍ਰਗਟ ਕਰਦੇ ਹੋਏ ਅਪਣੀ ਫ਼ੇਸਬੁੱਕ 'ਤੇ ਪਾਈ ਪੋਸਟ ਵਿਚ ਲਿਖਿਆ ਹੈ,“ਮੈਂ ਗਵਾਹ ਹਾਂ ਉਸ ਸਮੇਂ ਦੀ ਜਦੋਂ ਇਜ਼ਹਾਰ ਆਲਮ ਅੰਮ੍ਰਿਤਸਰ ਦਾ ਸੀ ਅਤੇ ਇਸ ਦੀ ਆਲਮ ਸੈਨਾ ਨੇ ਸਿੱਖ ਨੌਜੁਆਨਾਂ ਨੂੰ ਮਾਰਨ ਦਾ ਬੀੜਾ ਚੁਕਿਆ ਹੋਇਆ ਸੀ। ਸੇਵਾ ਮੁਕਤ ਹੋ ਕੇ ਉਹ “ਪੰਥਕ” ਹੋ ਗਿਆ ਤੇ ਅਕਾਲੀ ਦਲ ਦਾ ਮੀਤ ਪ੍ਰਧਾਨ ਬਣ ਗਿਆ। ਹੁਣ ਉਸ ਦੀ ਘਰਵਾਲੀ ਇਸਤਰੀ ਅਕਾਲੀ ਦਲ ਦੀ ਜਨਰਲ ਸਕੱਤਰ ਬਣ ਗਈ। ਠੀਕ ਹੈ, ਤੁਹਾਡੀ ਮਰਜ਼ੀ, ਪਰ ਮੇਰਾ ਨਾਂ ਉਸੇ ਲਿਸਟ ਵਿਚ ਕਿਉਂ ਸ਼ਾਮਲ ਕੀਤਾ ਗਿਆ? ਮੈਨੂੰ ਅਹੁਦੇ ਦੀ ਲੋੜ ਨਹੀਂ।'' ਵਿਵਾਦਤ ਨਿਯੁਕਤੀਆਂ ਕਰ ਕੇ ਅਕਾਲੀ ਦਲ (ਬ) ਇਕ ਵਾਰ ਫਿਰ ਪੰਜਾਬ ਦੇ ਲੋਕਾਂ ਅਤੇ ਦੇਸ਼-ਵਿਦੇਸ਼ ਰਹਿੰਦੇ ਸਿੱਖਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ।