ਸਿੱਧੂ ਤੇ ਕੈਪਟਨ ਵਿਚ ਖੁਲ੍ਹੀ ਜੰਗ ਛਿੜੀ, ਟਵੀਟਾਂ ਰਾਹੀਂ ਹੋਏ ਆਹਮੋ-ਸਾਹਮਣੇ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਤੇ ਕੈਪਟਨ ਵਿਚ ਖੁਲ੍ਹੀ ਜੰਗ ਛਿੜੀ, ਟਵੀਟਾਂ ਰਾਹੀਂ ਹੋਏ ਆਹਮੋ-ਸਾਹਮਣੇ

image


ਸਿੱਧੂ ਨੂੰ  ਫ਼ਸਲੀ ਵਿਭਿੰਨਤਾ ਤੇ ਖੇਤੀ ਕਾਨੂੰਨਾਂ ਦਾ ਫ਼ਰਕ ਵੀ ਨਹੀਂ ਪਤਾ : ਕੈਪਟਨ
ਚੰਡੀਗੜ੍ਹ, 21 ਅਕਤੂਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਰਮਿਆਨ ਹੁਣ ਖੁਲ੍ਹੀ ਜੰਗ ਸ਼ੁਰੂ ਹੋ ਗਈ ਹੈ | ਅੱਜ ਨਵਜੋਤ ਸਿੱਧੂ ਨੇ ਜਿਥੇ ਅੰਬਾਨੀ ਨਾਲ ਫ਼ੋਟੋ ਵਾਲੀ ਇਕ ਪੁਰਾਣੀ ਵੀਡੀਉ ਟਵੀਟ ਰਾਹੀਂ ਸਾਂਝੀ ਕਰ ਕੇ ਕੈਪਟਨ ਉਪਰ ਤਿੰਨੇ ਖੇਤੀ ਕਾਨੂੰਨਾਂ ਦਾ ਅਸਲ ਨਿਰਮਾਤਾ ਹੋਣ ਦਾ ਦੋਸ਼ ਲਾਇਆ ਹੈ, ਉਥੇ ਕੈਪਟਨ ਨੇ ਵੀ ਟਵੀਟ ਰਾਹੀਂ ਹੀ ਪਲਟਵਾਰ ਕਰਦਿਆਂ ਨਵਜੋਤ ਸਿੱਧੂ ਨੂੰ  ਤਿਖੇ ਜਵਾਬ ਦਿਤੇ ਹਨ | ਕੈਪਟਨ ਨੇ ਉਨ੍ਹਾਂ ਦੀ ਆਲੋਚਨਾ ਲਈ ਹਰੀਸ਼ ਰਾਵਤ ਤੇ ਪ੍ਰਗਟ ਨੂੰ  ਵੀ ਨਿਸ਼ਾਨੇ 'ਤੇ ਲੈਂਦਿਆਂ ਉਨ੍ਹਾਂ ਵਿਰੁਧ ਵੀ ਗੁੱਸਾ ਕਢਿਆ ਹੈ | ਸਿੱਧੂ ਵਲੋਂ ਕੀਤੇ ਟਵੀਟ ਦੇ ਜਵਾਬ ਵਿਚ ਕੈਪਟਨ ਨੇ ਕਿਹਾ ਕਿ ਸਿੱਧੂ ਨੂੰ  ਫ਼ਸਲੀ ਵਿਭਿੰਨਤਾ ਅਤੇ ਖੇਤੀ ਕਾਨੂੰਨਾਂ ਵਿਚ ਫ਼ਰਕ ਵੀ ਨਹੀਂ ਪਤਾ ਪਰ ਕਰਨ ਨੂੰ  ਫਿਰਦੈ ਸੂਬੇ ਦੀ ਅਗਵਾਈ | ਫ਼ਸਲੀ ਵਿਭਿੰਨਤਾ ਬਾਰੇ 15 ਸਾਲ ਪੁਰਾਣੀ ਅੰਬਾਨੀ ਬਾਰੇ ਵੀਡੀਉ ਪਾ ਕੇ ਇਸ ਨੂੰ  ਅੱਜ ਦੇ ਖੇਤੀ ਕਾਨੂੰਨਾਂ ਨਾਲ ਜੋੜ ਰਿਹਾ ਹੈ |
ਕੈਪਟਨ ਨੇ ਸਿੱਧੂ ਨੂੰ  ਝੂਠਾ ਤੇ ਧੋਖੇਬਾਜ਼ ਦਸਦਿਆਂ ਕਿਹਾ ਕਿ ਮੈਂ ਖੇਤੀ ਕਾਨੂੰਨਾਂ ਦੇ ਪੂਰੀ ਤਰ੍ਹਾਂ ਵਿਰੁਧ ਹਾਂ ਅਤੇ ਇਨ੍ਹਾਂ ਨੂੰ  ਵਾਪਸ ਕਰਵਾਉਣ ਲਈ ਕੋਸ਼ਿਸ਼ ਕਰ ਰਿਹਾ ਹਾਂ | ਇਸ ਲਈ ਮੈਂ ਅਪਣਾ ਸਿਆਸੀ ਜੀਵਨ ਕੁਰਬਾਨ 
ਕਰਨ ਤੋਂ ਵੀ ਪਿਛੇ ਨਹੀਂ ਹਟਾਂਗਾ | ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇਕ ਵਾਰ ਮੁੜ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖੇ ਨਿਸ਼ਾਨੇ ਸਾਧੇ ਹਨ | ਅੱਜ ਸਿੱਧੂ ਨੇ ਇਕ ਟਵੀਟ ਕਰ ਕੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੀ ਅਸਲ ਵਿਚ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਦੇ ਨਿਰਮਾਤਾ ਕੈਪਟਨ ਅਮਰਿੰਦਰ ਸਿੰਘ ਹੀ ਹਨ | ਉਨ੍ਹਾਂ ਨੇ ਟਵੀਟ ਦੇ ਨਾਲ ਹੀ ਕੈਪਟਨ ਦੀਆਂ ਅੰਬਾਨੀ ਤੇ ਸ਼ਾਹ ਨਾਲ ਪੁਰਾਣੀਆਂ ਵੀਡੀਉ ਵੀ ਸਾਂਝੀਆਂ ਕੀਤੀਆਂ ਹਨ |
ਟਵੀਟ ਵਿਚ ਸਿੱਧੂ ਨੇ ਕਿਹਾ ਕਿ ਕੈਪਟਨ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਨਿਰਮਾਤਾ ਹੈ ਜੋ ਪੰਜਾਬ ਵਿਚ ਕਿਸਾਨੀ ਵਿਚ ਅੰਬਾਨੀ ਨੂੰ  ਲੈ ਕੇ ਆਇਆ | ਜਿਸ ਨੇ ਇਕ ਦੋ ਕਾਰਪੋਰੇਟ ਘਰਾਣਿਆਂ ਨੂੰ  ਲਾਭ ਪਹੁੰਚਾਉਣ ਲਈ ਪੰਜਾਬ ਦੇ ਕਿਸਾਨ, ਛੋਟੇ ਵਪਾਰੀਆਂ ਅਤੇ ਮਜ਼ਦੂਰਾਂ ਨੂੰ  ਬਰਬਾਦ ਕੀਤਾ | ਸਿੱਧੂ ਨੇ ਜੋ ਕੈਪਟਨ ਦੀ ਅੰਬਾਨੀ ਨਾਲ ਫ਼ੋਟੋ ਸਮੇਤ ਵੀਡੀਉ ਸਾਂਝੀ ਕੀਤੀ ਹੈ, ਉਸ ਵਿਚ ਕੈਪਟਨ ਕਹਿ ਰਹੇ ਹਨ ਕਿ ਮੈਂ ਕਈ ਸਾਲਾਂ ਤੋਂ ਇਹ ਗੱਲ ਕਹਿ ਰਿਹਾ ਹਾਂ ਅਤੇ ਮੈਂ 1985-86 ਵਿਚ ਪੰਜਾਬ ਦੇ ਖੇਤੀ ਮੰਤਰੀ ਸੀ ਤਾਂ ਉਦੋਂ ਦੇਖ ਰਿਹਾ ਸੀ ਕਿ ਪੰਜਾਬ ਵਿਚ ਕੀ ਹੋਣਾ ਚਾਹੀਦਾ ਹੈ | ਸਰਕਾਰ ਬਣਨ ਬਾਅਦ ਮੈਂ ਟਰੋਪੀਕਾਨਾ ਅਤੇ ਅੰਬਾਨੀ ਨੂੰ  ਇਥੇ ਲੈ ਕੇ ਆਇਆ | ਮੈਂ ਅੰਬਾਨੀ ਨਾਲ ਗੱਲ ਕੀਤੀ ਸੀ ਤੇ ਉਨ੍ਹਾਂ ਨੂੰ  ਕਿਹਾ ਸੀ ਕਿ ਭਾਰਤ ਵਿਚ ਅਪਣੇ 98000 ਆਊਟਲੈਟਸ ਹਨ | ਇਥੇ ਆਪ ਸਬਜ਼ੀ ਤੇ ਫਲ ਵੇਚ ਸਕਦੇ ਹੋ | ਮੈਂ ਉਸ ਨੂੰ  ਪੰਜਾਬ ਦੇ 12,700 ਪਿੰਡਾਂ ਵਿਚ ਸਹਿਯੋਗ ਦੇਣ ਦਾ ਭਰੋਸਾ ਦਿਤਾ ਸੀ | ਉਨ੍ਹਾਂ ਨੂੰ  ਕਿਹਾ ਸੀ ਕਿ ਆਪ ਬੀਜ ਵੀ ਦਿਉਗੇ ਅਤੇ ਖ਼ਰੀਦ ਵੀ ਕਰੋਗੇ | ਇਸ ਨੂੰ  ਦੇਸ਼ ਭਰ ਵਿਚ ਕਿਤੇ ਵੀ ਲੈ ਜਾ ਸਕਦੇ ਹੋ |