ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਕੇ ਅਸਾਮ 'ਚ ਇਕੱਲਾ ਸਿੱਖ ਦੇ ਰਿਹਾ ਬਾਬੇ ਨਾਨਕ ਦਾ ਹੋਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੁਨੀਆਂ ਭਰ ਦੇ ਵੱਖ ਵੱਖ ਕੋਨਿਆਂ ਵਿਚ ਵਸਦੇ ਸਿੱਖ ਗੁਰੂ ਨਾਨਕ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸੰਦੇਸ਼ ਦਾ ਹੋਕਾ ਦਿੰਦੇ ਹਨ।

Captain PP Singh

ਗੁਵਹਾਟੀ (ਹਰਦੀਪ ਸਿੰਘ ਭੋਗਲ): ਸਿੱਖ ਧਰਮ ਵਿਚ ਸੇਵਾ ਦਾ ਸੰਕਲਪ ਬਹੁਤ ਮਹਾਨ ਹੈ। ਦੁਨੀਆਂ ਭਰ ਦੇ ਵੱਖ ਵੱਖ ਕੋਨਿਆਂ ਵਿਚ ਵਸਦੇ ਸਿੱਖ ਗੁਰੂ ਨਾਨਕ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ ਦੇ ਸੰਦੇਸ਼ ਦਾ ਹੋਕਾ ਦਿੰਦੇ ਹਨ। ਅਜਿਹੀ ਹੀ ਸੇਵਾ ਦੀ ਮਿਸਾਲ ਅਸਾਮ ਦੇ ਇਕ ਸਿੱਖ ਨੇ ਪੇਸ਼ ਕੀਤੀ ਗਈ, ਜੋ ਹਰ ਵੇਲੇ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿੰਦੇ ਹਨ। ਕੈਪਟਨ ਪੀਪੀ ਸਿੰਘ ਕਾਫੀ ਸਮੇਂ ਤੋਂ ਅਸਾਮ ਵਿਚ ਰਹਿ ਰਹੇ ਹਨ ਅਤੇ ਇੱਥੋਂ ਦੀਆਂ ਸੰਗਤਾਂ ਦੇ ਸਾਂਝੇ ਸਹਿਯੋਗ ਨਾਲ ਉਹ ਲੋੜਵੰਦਾਂ ਲਈ ਗੁਰੂ ਨਾਨਕ ਦੇਵ ਜੀ ਦਾ ਲੰਗਰ ਚਲਾ ਰਹੇ ਹਨ।

ਉਹਨਾਂ ਦੀ ਗੱਡੀ ਦੀ ਪਛਾਣ ਇਹ ਹੈ ਕਿ ਇਸ ਉੱਤੇ “ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ” ਖ਼ਾਲਸਾ ਸੈਂਟਰ ਨਾਰਥ ਈਸਟ ਲਿਖਿਆ ਹੋਇਆ ਹੈ। ਇਸ ਤੋਂ ਇਲਾਵਾ ਗੱਡੀ ਉੱਤੇ ਦੋ ਨਿਸ਼ਾਨ ਸਾਹਿਬ ਵੀ ਲਗਾਏ ਗਏ ਹਨ। ਗੱਡੀ ਦਾ ਨੰਬਰ ਵੀ 1313 ਹੈ। ਜਦੋਂ ਵੀ ਕਿਸੇ ਲੋੜਵੰਦ ਨੂੰ ਕੈਪਟਨ ਪੀਪੀ ਸਿੰਘ ਦੀ ਇਹ ਗੱਡੀ ਦਿਖਾਈ ਦਿੰਦੀ ਹੈ ਤਾਂ ਉਹ ਬੇਫਿਕਰ ਹੋ ਜਾਂਦਾ ਹੈ ਅਤੇ ਉਸ ਜੇ ਮਨ ਵਿਚ ਨਵੀਂ ਆਸ ਜਗ ਜਾਂਦੀ ਹੈ।

ਕੋਰੋਨਾ ਕਾਲ ਦੌਰਾਨ ਵੀ ਕੈਪਟਨ ਪੀਪੀ ਸਿੰਘ ਲੋੜਵੰਦਾਂ ਲਈ ਆਕਸੀਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਸਪਲਾਈ ਕਰਦੇ ਰਹੇ । ਲਾਕਡਾਊਨ ਦੌਰਾਨ ਉਹਨਾਂ ਨੇ ਖੁਦ ਲੰਗਰ ਬਣਾ ਕੇ ਲੋੜਵੰਦਾਂ ਤੱਕ ਪਹੁੰਚਾਇਆ। 66 ਦਿਨਾਂ ਵਿਚ ਉਹਨਾਂ ਦੀ ਟੀਮ ਨੇ ਦਿਨ-ਰਾਤ ਮਿਹਨਤ ਕਰਕੇ 3 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੰਗਰ ਛਕਾਇਆ। ਕੈਪਟਨ ਪੀਪੀ ਸਿੰਘ ਨੇ ਕਿਹਾ ਕਿ ਉਹਨਾਂ ਦਾ ਇਹੀ ਮਕਸਦ ਹੈ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੋਵੇ। ਉਹਨਾਂ ਦੱਸਿਆ ਕਿ ਇੱਥੇ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ, ਜਿਵੇਂ ਲੰਗਰ ਬਣਾਉਣ ਲਈ ਵੱਡੇ ਬਰਤਨ ਨਾ ਮਿਲਣਾ, ਲੰਗਰ ਤਿਆਰ ਕਰਨ ਲਈ ਥਾਂ ਨਾ ਮਿਲਣਾ ਅਤੇ ਫੰਡ ਦੀ ਕਮੀ।

ਉਹਨਾਂ ਨੇ ਲੰਗਰ ਬਣਾਉਣ ਲਈ ਵੱਡੇ ਬਰਤਨ ਅੰਮ੍ਰਿਤਸਰ ਤੋਂ ਮੰਗਵਾਏ। ਇਸ ਤੋਂ ਇਲਾਵਾ ਸਥਾਨਕ ਲੋਕ ਵੀ ਉਹਨਾਂ ਨੂੰ ਪੂਰਾ ਸਹਿਯੋਗ ਦਿੰਦੇ ਹਨ। ਇਸ ਸੇਵਾ ਦੌਰਾਨ ਕੈਪਟਨ ਪੀਪੀ ਸਿੰਘ ਦੇ ਪਰਿਵਾਰ ਨੇ ਵੀ ਉਹਨਾਂ ਦਾ ਬਹੁਤ ਸਾਥ ਦਿੱਤਾ ਅਤੇ ਉਹਨਾਂ ਦੀ ਟੀਮ ਵਿਚ ਹਰ ਧਰਮ ਦੇ ਲੋਕ ਸ਼ਾਮਲ ਹਨ। ਉਹਨਾਂ ਦੀ ਟੀਮ ਵਲੋਂ ਕੈਂਸਰ ਹਸਪਤਾਲ ਵਿਚ ਮਰੀਜ਼ਾਂ ਦੀ ਸਹੂਲਤ ਲਈ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਕੈਪਟਨ ਪੀਪੀ ਸਿੰਘ ਨੇ ਇਸ ਸੇਵਾ ਦੀ ਸ਼ੁਰੂਆਤ ਕੋਰੋਨਾ ਮਹਾਂਮਾਰੀ ਦੇ ਆਉਣ ਤੋਂ ਇਕ ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤੀ ਸੀ। ਉਹਨਾਂ ਦਾ ਕਹਿਣਾ ਹੈ ਕਿ ਸਿੱਖ ਰਲ਼ ਕੇ ਹੰਭਲਾ ਮਾਰਨ ਤਾਂ ਉਹ ਪੂਰੀ ਦੁਨੀਆਂ ਵਿਚੋਂ ਭੁੱਖਮਰੀ ਖਤਮ ਕਰ ਸਕਦੇ ਹਨ।

ਕੈਪਟਨ ਪੀਪੀ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਟੀਮ ਵਲੋਂ ਲੰਗਰ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਬੱਚਿਆਂ ਦੇ ਸਕੂਲਾਂ ਦਾ ਨਿਰਮਾਣ ਵੀ ਕੀਤਾ ਗਿਆ, ਜਿਸ ਵਿਚ 10 ਲੱਖ ਦਾ ਖਰਚਾ ਹੋਇਆ ਅਤੇ ਹਰ ਧਰਮ ਦੇ ਲੋਕਾਂ ਨੇ ਉਹਨਾਂ ਨੂੰ ਸਹਿਯੋਗ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਜੇ ਨੀਅਤ ਸਾਫ ਹੋਵੇ ਤਾਂ ਵਾਹਿਗੁਰੂ ਮਦਦ ਜ਼ਰੂਰ ਕਰਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਾਡਾ ਇਕੋ ਧਰਮ ਹੈ ਤੇ ਉਹ ਹੈ ਸੇਵਾ। ਗੁਰੂ ਸਾਹਿਬਾਨ ਦੇ ਪਾਏ ਪੂਰਨਿਆਂ 'ਤੇ ਚੱਲ ਰਹੇ ਕੈਪਟਨ ਪੀਪੀ ਸਿੰਘ ਸਿੱਖ ਕੌਮ ਦਾ ਸਿਰ ਮਾਣ ਨਾਲ ਹੋਰ ਉੱਚਾ ਕਰ ਰਹੇ ਹਨ।