ਸੌਦਾ ਸਾਧ ਦੇ ਚੇਲੇ ਨੂੰ ਬਾਦਲ ਦਲ ਨੇ ਟਿਕਟ ਦੇ ਕੇ ਪੰਥਕ ਹਲਕਿਆਂ 'ਚ ਮਚਾਈ ਤਰਥੱਲੀ
ਸੌਦਾ ਸਾਧ ਦੇ ਚੇਲੇ ਨੂੰ ਬਾਦਲ ਦਲ ਨੇ ਟਿਕਟ ਦੇ ਕੇ ਪੰਥਕ ਹਲਕਿਆਂ 'ਚ ਮਚਾਈ ਤਰਥੱਲੀ
ਬਾਦਲ ਦਲ ਦਾ ਅੰਦਰਖਾਤੇ ਵਾਲਾ ਸਿਆਸੀ ਗਠਜੋੜ ਖੁਲ੍ਹ ਕੇ
ਕੋਟਕਪੂਰਾ, 21 ਅਕਤੂਬਰ (ਗੁਰਿੰਦਰ ਸਿੰਘ) : ਤਖ਼ਤਾਂ ਦੇ ਜਥੇਦਾਰਾਂ, ਸ਼ੋ੍ਰਮਣੀ ਕਮੇਟੀ ਅਤੇ ਕੁੱਝ ਹੋਰ ਤਥਾਕਥਿਤ ਪੰਥਕਾਂ ਰਾਹੀਂ 'ਰੋਜ਼ਾਨਾ ਸਪੋਕਸਮੈਨ' ਨੂੰ ਕਿੱਲ-ਕਿੱਲ ਕੇ ਨਿੰਦਣ ਅਤੇ ਬਦਨਾਮ ਕਰਨ ਦੀ ਕੋਸ਼ਿਸ਼ ਵਿਚ ਰਹੇ ਬਾਦਲ ਪ੍ਰਵਾਰ ਲਈ ਅਗਾਮੀ ਦਿਨ ਮੁਸ਼ਕਲਾਂ ਵਾਲੇ ਹੋ ਸਕਦੇ ਹਨ, ਕਿਉਂਕਿ 'ਰੋਜ਼ਾਨਾ ਸਪੋਕਸਮੈਨ' ਅਤੇ ਇਸ ਦੇ ਸੰਪਾਦਕ ਸ. ਜੋਗਿੰਦਰ ਸਿੰਘ ਵਿਰੁਧ ਹੁਕਮਨਾਮਾ ਜਾਰੀ ਕਰਵਾ ਕੇ ਬਾਦਲ ਪ੍ਰਵਾਰ ਨੇ ਅਖ਼ਬਾਰ ਬੰਦ ਕਰਵਾਉਣ ਅਤੇ ਸ. ਜੋਗਿੰਦਰ ਸਿੰਘ ਨੂੰ ਈਨ ਮਨਾਉਣ ਦੀ ਕੋਈ ਕਸਰ ਬਾਕੀ ਨਾ ਛੱਡੀ ਪਰ ਮਈ 2007 ਵਿਚ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਵਿਰੁਧ ਹੁਕਮਨਾਮਾ ਜਾਰੀ ਹੋਣ ਦੇ ਬਾਵਜੂਦ ਵੀ ਉਸ ਨਾਲ ਨੇੜਤਾ ਬਣਾਈ ਰੱਖੀ, ਜੋ ਅੱਜ ਵੀ ਬਰਕਰਾਰ ਹੈ ਤੇ ਇਸ ਦਾ ਬਾਦਲ ਪ੍ਰਵਾਰ ਨੂੰ ਖ਼ਮਿਆਜ਼ਾ ਭੁਗਤਣਾ ਪੈ ਸਕਦਾ ਹੈ |
ਉਕਤ ਹੁਕਮਨਾਮਿਆਂ ਦਾ ਦਿਲਚਸਪ ਤੇ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਸ. ਜੋਗਿੰਦਰ ਸਿੰਘ ਅਤੇ 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਦਾ ਕੋਈ ਕਸੂਰ ਨਹੀਂ ਸੀ, ਜਦਕਿ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੁਸ਼ਾਕ ਪਾ ਕੇ, ਸਵਾਂਗ ਰਚਾ ਕੇ ਗੁਰੂ ਜੀ ਵਲੋਂ ਤਿਆਰ ਕੀਤੇ ਅੰਮਿ੍ਤ ਦੀ ਨਕਲ ਕਰ ਕੇ ਮਜ਼ਾਕ ਉਡਾਇਆ ਜਿਸ ਕਰ ਕੇ ਉਸ ਵਿਰੁਧ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ | ਅਕਾਲੀ ਦਲ ਬਾਦਲ ਵਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਲਈ ਬੱਲੂਆਣਾ ਵਿਧਾਨ ਸਭਾ ਹਲਕੇ ਤੋਂ ਡੇਰਾ ਸਿਰਸਾ ਦੇ ਮੋਹਰੀ ਆਗੂ ਹਰਦੇਵ ਸਿੰਘ ਸਾਬਕਾ ਸਰਪੰਚ ਪਿੰਡ ਗੋਬਿੰਦਗੜ੍ਹ ਨੂੰ ਟਿਕਟ ਦੇ ਕੇ ਸਪੱਸ਼ਟ ਕਰ ਦਿਤਾ ਗਿਆ ਹੈ ਕਿ ਡੇਰਾ ਸਿਰਸਾ ਅਤੇ ਅਕਾਲੀ ਦਲ ਬਾਦਲ ਦਾ ਅੰਦਰਖਾਤੇ ਗਠਜੋੜ ਜਾਰੀ ਹੈ |
ਪਾਵਨ ਸਰੂਪ ਚੋਰੀ ਹੋਣ, ਸਿੱਖਾਂ ਵਿਰੁਧ ਇਤਰਾਜ਼ਯੋਗ ਭਾਸ਼ਾ ਵਾਲੇ ਪੋਸਟਰ ਲੱਗਣ ਅਤੇ ਪਾਵਨ ਸਰੂਪ ਦੇ ਵਾਪਰੇ ਬੇਅਦਬੀ ਕਾਂਡ ਦੇ ਉਕਤਾਨ ਤਿੰਨਾਂ ਮਾਮਲਿਆਂ 'ਚ ਜਾਂਚ ਏਜੰਸੀਆਂ ਨੇ ਡੇਰਾ ਸਿਰਸਾ ਦਾ ਸਿੱਧਾ ਹੱਥ ਸਪੱਸ਼ਟ ਕਰ ਦਿਤਾ ਪਰ ਬਾਦਲ ਦਲ ਦੇ ਕਿਸੇ ਵੀ ਆਗੂ ਜਾਂ ਤਖ਼ਤਾਂ ਦੇ ਜਥੇਦਾਰਾਂ ਤੇ ਸ਼ੋ੍ਰਮਣੀ ਕਮੇਟੀ ਦੇ ਕਿਸੇ ਨੁਮਾਇੰਦੇ ਨੇ ਡੇਰਾ ਸਿਰਸਾ ਵਿਰੁਧ ਇਕ ਵੀ ਸ਼ਬਦ ਬੋਲਣ ਤੋਂ ਗੁਰੇਜ਼ ਕੀਤਾ | ਹੁਣ ਸੀਬੀਆਈ ਅਦਾਲਤ ਵਲੋਂ ਤੀਜੀ ਵਾਰ ਸੌਦਾ ਸਾਧ ਨੂੰ ਦੋਸ਼ੀ ਐਲਾਨਿਆ ਗਿਆ ਤਾਂ ਬਾਦਲ ਦਲ ਦੀ ਚੁੱਪੀ ਬਰਕਰਾਰ ਰਹੀ | ਸਿੱਖ ਚਿੰਤਕਾਂ, ਪੰਥਕ ਵਿਦਵਾਨਾਂ ਅਤੇ ਪੰਥਦਰਦੀਆਂ ਦੇ ਜ਼ੋਰਦਾਰ ਵਿਰੋਧ ਦੇ ਬਾਵਜੂਦ ਵੀ ਬਾਦਲਾਂ ਨੇ ਸੱਤਾ ਦੇ ਨਸ਼ੇ ਵਿਚ ਡੇਰਾ ਪੇ੍ਰਮੀਆਂ ਨੂੰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਪੰਚਾਇਤੀ ਅਤੇ ਨਗਰ ਕੌਂਸਲ ਚੋਣਾਂ ਮੌਕੇ ਅਕਾਲੀ ਦਲ ਦੀਆਂ ਟਿਕਟਾਂ ਵੰਡੀਆਂ | ਇਥੋਂ ਦੇ ਇਕ ਕੇਵਲ ਸਿੰਘ ਪੇ੍ਰਮੀ ਨਾਂਅ ਦੇ ਪ੍ਰਸਿੱਧ ਡੇਰਾ ਪੇ੍ਰਮੀ ਨੂੰ ਬਾਦਲ ਦਲ ਵਲੋਂ ਐਸ.ਸੀ. ਵਿੰਗ ਦਾ ਜ਼ਿਲ੍ਹਾ ਪ੍ਰਧਾਨ ਐਲਾਨਣ ਮੌਕੇ ਵੀ ਪੰਥਕ ਹਲਕਿਆਂ 'ਚ ਖ਼ੂਬ ਚਰਚਾ ਛਿੜੀ | ਇਕ ਟਕਸਾਲੀ ਅਕਾਲੀ ਆਗੂ ਸੁਖਵਿੰਦਰ ਸਿੰਘ ਕੋਟਸੁਖੀਆ ਨੂੰ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਡੇਰਾ ਪੇ੍ਰਮੀ ਨੂੰ ਉਕਤ ਅਹੁਦਾ ਦੇਣ ਦਾ ਬਹੁਤ ਵਿਰੋਧ ਹੋਇਆ ਪਰ ਬਾਦਲਾਂ 'ਤੇ ਇਸ ਦਾ ਕੋਈ ਅਸਰ ਜਾਂ ਪ੍ਰਭਾਵ ਦੇਖਣ ਨੂੰ ਨਾ ਮਿਲਿਆ |
ਪ੍ਰਾਪਤ ਜਾਣਕਾਰੀ ਅਨੁਸਾਰ ਅਕਾਲੀ ਉਮੀਦਵਾਰ ਹਰਦੇਵ ਸਿੰਘ ਦਾ ਪ੍ਰਵਾਰ ਪਿਛਲੇ 3 ਦਹਾਕਿਆਂ ਤੋਂ ਡੇਰਾ ਸਿਰਸਾ ਨਾਲ ਜੁੜਿਆ ਹੋਇਆ ਹੈ, ਸਾਲ 2012 ਅਤੇ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਵੀ ਹਰਦੇਵ ਸਿੰਘ ਨੇ ਬਾਦਲ ਦਲ ਦੇ ਉਸ ਵੇਲੇ ਦੇ ਉਮੀਦਵਾਰ ਗੁਰਤੇਜ ਸਿੰਘ ਘੁੜਿਆਣਾ ਨੂੰ ਜੇਤੂ ਬਣਾਉਣ ਲਈ ਅਹਿਮ ਭੂਮਿਕਾ ਨਿਭਾਈ ਸੀ |
ਫੋਟੋ :- ਕੇ.ਕੇ.ਪੀ.-ਗੁਰਿੰਦਰ-21-1ਏ
ਕੈਪਸ਼ਨ : ਅਪਣੇ ਘਰ ਪੁੱਜਣ 'ਤੇ ਬਤੌਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਉ ਦੇਣ ਦੀ ਕੇਵਲ ਪੇ੍ਰਮੀ ਦੀ ਪੁਰਾਣੀ ਤਸਵੀਰ |