ਭਾਰਤ ਨੇ ਰਚਿਆ ਇਤਿਹਾਸ, ਕੋਰੋਨਾ ਵੈਕਸੀਨ ਟੀਕਾਕਰਨ ਦਾ ਅੰਕੜਾ 100 ਕਰੋੜ ਦੇ ਪਾਰ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ਨੇ ਰਚਿਆ ਇਤਿਹਾਸ, ਕੋਰੋਨਾ ਵੈਕਸੀਨ ਟੀਕਾਕਰਨ ਦਾ ਅੰਕੜਾ 100 ਕਰੋੜ ਦੇ ਪਾਰ

image

ਨਵੀਂ ਦਿੱਲੀ, 21 ਅਕਤੂਬਰ : ਕੋਰੋਨਾ ਵਿਰੁਧ ਜੰਗ ਵਿਚ ਭਾਰਤ ਨੇ ਇਤਿਹਾਸਕ ਟੀਚਾ ਹਾਸਲ ਕਰ ਲਿਆ ਹੈ | ਭਾਰਤ ਨੇ ਅਜ ਸਵੇਰੇ 9.48 ਵਜੇ 100 ਕਰੋੜ ਟੀਕੇ ਲਾਉਣ ਦੇ ਅੰਕੜੇ ਨੂੰ  ਪਾਰ ਕਰ ਕੇ ਦੁਨੀਆਂ ਸਾਹਮਣੇ ਇਕ ਮਿਸਾਲ ਪੇਸ਼ ਕੀਤੀ ਹੈ | ਦੇਸ਼ ਵਿਚ ਹੁਣ ਤਕ ਕੋਰੋਨਾ ਵੈਕਸੀਨ ਦੀ 100 ਕਰੋੜ ਤੋਂ ਜ਼ਿਆਦਾ ਡੋਜ਼ ਲਗਾਈ ਜਾ ਚੁਕੀ ਹੈ | ਭਰਤ 'ਚ ਲਗਭਗ 75 ਫ਼ੀ ਸਦੀ ਬਾਲਗ਼ਾਂ ਨੂੰ  ਟੀਕੇ ਦੀ ਘੱਟੋ-ਘੱਟ ਇਕ ਖ਼ੁਰਾਕ ਲੱਗ ਚੁਕੀ ਹੈ ਜਦਕਿ 31 ਫ਼ੀ ਸਦੀ ਆਬਾਦੀ ਨੂੰ  ਦੋਵੇਂ ਖ਼ੁਰਾਕਾਂ ਲੱਗ ਚੁਕੀਆਂ ਹਨ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਵੈਕਸੀਨ ਦੀਆਂ 100 ਕਰੋੜ ਖ਼ੁਰਾਕਾਂ ਪੂਰੀਆਂ ਕਰਨ ਦੇ ਮੌਕੇ 'ਤੇ ਦਿੱਲੀ ਦੇ ਰਾਮ ਮਨੋਹਰ 
ਲੋਹੀਆ (ਆਰਐਮਐਲ) ਹਸਪਤਾਲ ਪਹੁੰਚੇ | ਇਸ ਦੌਰਾਨ ਉਨ੍ਹਾਂ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ | ਇਥੇ ਮੋਦੀ ਸਾਹਮਣੇ ਬਨਾਰਸ ਦੇ ਦਿਵਿਆਂਗ ਅਰੁਣ ਰਾਏ ਨੂੰ  100 ਕਰੋੜਵਾਂ ਟੀਕਾ ਲਾਇਆ ਗਿਆ | ਆਰਐਮਐਲ ਹਸਪਤਾਲ ਪਹੁੰਚਣ ਤੋਂ ਬਾਅਦ, ਮੋਦੀ ਨੇ ਇਕ ਨਰਸ ਨਾਲ ਵੀ ਮੁਲਾਕਾਤ ਕੀਤੀ ਅਤੇ ਪੁਛਿਆ ਕਿ ਕੀ ਟੀਕਾ ਲਗਵਾਉਣ ਵਾਲਾ ਕੋਈ ਅਜਿਹਾ ਸ਼ਖ਼ਸ ਆਇਆ ਸੀ, ਜਿਸ ਨੇ ਦਰਦ ਮਹਿਸੂਸ ਕੀਤਾ ਜਾਂ ਚੀਕਿਆ ਹੋਵੇ |
ਅਪਣੇ ਸੰਬੋਧਨ ਵਿਚ ਮੋਦੀ ਨੇ ਕਿਹਾ ਕਿ ਦੇਸ਼ ਨੂੰ  100 ਕਰੋੜ ਟੀਕਿਆਂ ਦੀ ਸੁਰੱਖਿਆ ਮਿਲੀ ਹੈ | ਮੋਦੀ ਨੇ ਸਿਹਤ ਸੇਵਾਵਾਂ ਨਾਲ ਜੁੜੇ ਸਾਰੇ ਲੋਕਾਂ ਨੂੰ  ਵਧਾਈ ਦਿਤੀ | ਮੋਦੀ ਨੇ ਕਿਹਾ ਕਿ ਅਜ ਉਤਸ਼ਾਹ ਹੈ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਹੈ ਕਿ ਅਸੀਂ ਮਿਲ ਕੇ ਕੋਰੋਨਾ ਨੂੰ  ਹਰਾਉਣਾ ਹੈ | ਪੀਐਮ ਮੋਦੀ ਨੇ ਭਾਰਤ ਵਿਚ ਟੀਕਾਕਰਨ ਦੇ 100 ਕਰੋੜ ਦੇ ਅੰਕੜੇ ਨੂੰ  ਪਾਰ ਕਰਨ ਲਈ ਵਧਾਈ ਵੀ ਦਿਤੀ | ਉਨ੍ਹਾਂ ਟਵੀਟ ਕੀਤਾ ਅਤੇ ਲਿਖਿਆ ਕਿ ਭਾਰਤ ਨੇ ਇਤਿਹਾਸ ਰਚਿਆ, ਅਸੀਂ ਭਾਰਤੀ ਵਿਗਿਆਨ, ਉਦਮ ਅਤੇ 130 ਕਰੋੜ ਭਾਰਤੀਆਂ ਦੀ ਸਮੂਹਕ ਭਾਵਨਾ ਦੀ ਜਿੱਤ ਵੇਖ ਰਹੇ ਹਾਂ | ਭਾਰਤ ਨੂੰ  100 ਕਰੋੜ ਟੀਕੇ ਲਗਾਉਣ 'ਤੇ ਵਧਾਈ | ਸਾਡੇ ਡਾਕਟਰਾਂ, ਨਰਸਾਂ ਅਤੇ ਉਨ੍ਹਾਂ ਸਾਰਿਆਂ ਦਾ ਧਨਵਾਦ ਜਿਨ੍ਹਾਂ ਨੇ ਇਸ ਪ੍ਰਾਪਤੀ ਨੂੰ  ਪੂਰਾ ਕਰਨ ਲਈ ਕੰਮ ਕੀਤਾ |