ਸਤਬੀਰ ਖਟੜਾ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਕੀਤਾ ਅਪਣੇ ਆਪ ਨੂੰ ਸਿਆਸਤ ਤੋਂ ਵੱਖ
ਸਤਬੀਰ ਖਟੜਾ ਨੇ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਕੀਤਾ ਅਪਣੇ ਆਪ ਨੂੰ ਸਿਆਸਤ ਤੋਂ ਵੱਖ
ਭਾਦਸੋਂ, 21 ਅਕਤੂਬਰ (ਗੁਰਪ੍ਰੀਤ ਸਿੰਘ ਆਲੋਵਾਲ): ਬਾਦਲ ਅਕਾਲੀ ਦਲ ਦੇ ਪਟਿਆਲਾ ਦਿਹਾਤੀ ਦੇ ਇੰਚਾਰਜ ਸਤਬੀਰ ਸਿੰਘ ਖਟੜਾ ਨੇ ਅਕਾਲੀ ਦਲ ਤੋਂ ਅਪਣਾ ਅਸਤੀਫ਼ਾ ਦੇ ਕੇ ਖ਼ੁਦ ਨੂੰ ਸਿਆਸਤ ਤੋਂ ਵੱਖ ਕਰ ਲਿਆ ਹੈ | ਸਤਬੀਰ ਖਟੜਾ ਨੇ ਪਾਰਟੀ ਨੂੰ ਭੇਜੇ ਪੱਤਰ 'ਚ ਅਸਤੀਫ਼ੇ ਦਾ ਕਾਰਨ ਪਿਛਲੇ ਸਮੇਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੇ ਕਿਸਾਨੀ ਮਸਲਿਆਂ ਨੂੰ ਦਸਿਆ ਹੈ |
ਦਸਣਾ ਬਣਦਾ ਹੈ ਕਿ ਸਤਬੀਰ ਸਿੰਘ ਤੇ ਪਿਤਾ ਸੇਵਾਮੁਕਤ ਆਈਪੀਐਸ ਰਣਜੀਤ ਸਿੰਘ ਖਟੜਾ ਬੇਅਦਬੀ ਮਾਮਲਿਆਂ ਦੀ ਜਾਂਚ ਟੀਮ ਦੇ ਮੋਢੀ ਰਹੇ ਹਨ | ਸੂਤਰਾਂ ਅਨੁਸਾਰ ਮੌਜੂਦਾ ਸਮੇਂ ਵਿਚ ਸਤਬੀਰ ਸਿੰਘ ਦੇ ਅਕਾਲੀ ਦਲ ਨਾਲ ਜੁੜੇ ਹੋਣ ਕਰ ਕੇ ਆਈਪੀਐਸ ਖਟੜਾ ਵਲੋਂ ਕੀਤੀ ਜਾਂਚ ਨੂੰ ਸਿਆਸਤ ਨਾਲ ਜੋੜ ਕੇ ਦੇਖਿਆ ਜਾਣ ਲਗਿਆ ਸੀ | ਇਸ ਕਾਰਨ ਹੀ ਸਤਬੀਰ ਸਿੰਘ ਨੇ ਆਪਣੇ ਆਪ ਨੂੰ ਪਾਰਟੀ ਤੋਂ ਵੱਖ ਕਰ ਲਿਆ ਹੈ ਤਾਂ ਜੋ ਬੇਅਦਬੀਆਂ ਸਬੰਧੀ ਹੋਈ ਜਾਂਚ 'ਤੇ ਸ਼ੰਕੇ ਨਾ ਖੜੇ ਹੋਣ |
ਸਤਬੀਰ ਸਿੰਘ ਖਟੜਾ ਨੇ ਲਿਖੇ ਪੱਤਰ 'ਚ ਕਿਹਾ ਹੈ ਕਿ ਉਹ ਤੇ ਉਨ੍ਹਾਂ ਦਾ ਪ੍ਰਵਾਰ
ਹਮੇਸ਼ਾ ਪੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕਿਸਾਨੀ ਨੂੰ ਸਮਰਪਤ ਰਿਹਾ ਹੈ | ਖਟੜਾ ਨੇ ਕਿਹਾ ਕਿ ਬੀਤੇ ਸਮੇਂ ਵਿਚ ਬੇਅਦਬੀ ਦੇ ਮਾਮਲਿਆਂ ਨੇ ਹਿਰਦਿਆਂ ਨੂੰ ਵੀ ਠੇਸ ਪਹੁੰਚਾਈ ਹੈ ਅਤੇ ਪਿਤਾ ਆਈਪੀਐਸ ਰਣਬੀਰ ਸਿੰਘ ਖਟੜਾ ਨੇ ਵੀ ਅਸਲ ਦੋਸੀਆਂ ਤਕ ਪੁੱਜਣ ਲਈ ਪਿਛਲੇ 6 ਸਾਲਾਂ ਤੋਂ ਸਿਰ ਤੋੜ ਯਤਨ ਕੀਤੇ ਅਤੇ ਦੋਸ਼ੀਆਂ ਨੂੰ ਫੜ ਕੇ ਕਾਨੂੰਨ ਦੇ ਹਵਾਲੇ ਕੀਤਾ ਪਰ ਕੱੁਝ ਧਾਰਮਕ ਸ਼ਖ਼ਸੀਅਤਾਂ ਤੇ ਜਥੇਬੰਦੀਆਂ ਅਕਾਲੀ ਦਲ ਨਾਲ ਜੁੜੇ ਹੋਣ ਕਾਰਨ ਆਈ. ਪੀ. ਐਸ. ਖਟੜਾ ਵਲੋਂ ਕੀਤੀ ਗਈ ਨਿਰਪੱਖ ਜਾਂਚ ਤੇ ਅਣਥੱਕ ਯਤਨਾਂ ਦੇ ਬਾਵਜੂਦ ਵੀ ਚੋਣਾਂ ਵਿਚ ਅਕਾਲੀ ਉਮੀਦਵਾਰ ਬਣਨ ਕਾਰਨ ਜਾਂਚ ਸਬੰਧੀ ਸੰਕੇ ਜਾਹਿਰ ਕਰਦੇ ਰਹੇ, ਜਿਸ ਕਾਰਨ ਸਾਡੇ ਪਰਵਾਰ ਦੀਆਂ ਭਾਵਨਾਵਾਂ ਨੂੰ ਵੀ ਸੱਟ ਲੱਗੀ | ਇਨ੍ਹਾਂ ਕਾਰਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਾਡੀਆਂ ਧਾਰਮਕ ਭਾਵਨਾਵਾਂ ਅਤੇ ਪੰਜਾਬ ਦੀ ਕਿਸਾਨੀ ਦੇ ਸੰਕਟ ਵਿਚ ਹੋਣ ਕਾਰਨ ਅਪਣੇ ਆਪ ਨੂੰ ਸਿਆਸਤ ਤੋਂ ਵੱਖ ਕਰ ਲਿਆ ਹੈ | ਖਟੜਾ ਨੇ ਪਿਛਲੇ ਸਮੇਂ ਦੌਰਾਨ ਪਾਰਟੀ ਵਲੋਂ ਦਿਤੀ ਗਈ ਹਲਕਾ ਪਟਿਆਲਾ-2 ਦੀ ਟਿਕਟ, ਹਲਕਾ ਇੰਚਾਰਜ ਵਜੋਂ ਸੇਵਾ ਅਤੇ ਦੂਜੀਆਂ ਜ਼ਿੰਮੇਵਾਰੀਆਂ ਦਾ ਧਨਵਾਦ ਕੀਤਾ | ਸਤਬੀਰ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਪਰਵਾਰ ਧਾਰਮਕ, ਸਮਾਜਿਕ ਖੇਤਰ ਅਤੇ ਕਿਸਾਨੀ ਸੰਘਰਸ਼ ਲਈ ਹਮੇਸ਼ਾ ਸਰਗਰਮੀ ਨਾਲ ਸਮਰਥਨ ਦਿੰਦਾ ਰਹੇਗਾ |