ਪੰਜਾਬ 'ਚ ਟਰਾਂਸਪੋਰਟ ਮਾਫ਼ੀਏ ਦੇ ਜਨਮਦਾਤਾ ਸਿੱਧੇ ਤੌਰ 'ਤੇ 'ਜੀਜਾ-ਸਾਲਾ' : ਰਾਜਾ ਵੜਿੰਗ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ 'ਚ ਟਰਾਂਸਪੋਰਟ ਮਾਫ਼ੀਏ ਦੇ ਜਨਮਦਾਤਾ ਸਿੱਧੇ ਤੌਰ 'ਤੇ 'ਜੀਜਾ-ਸਾਲਾ' : ਰਾਜਾ ਵੜਿੰਗ

image

ਕਿਹਾ, ਕੈਪਟਨ ਨੇ ਸਮਝੌਤਾਵਾਦੀ ਨੀਤੀ ਤਹਿਤ ਭਾਜਪਾ ਤੇ ਅਕਾਲੀਆਂ ਨਾਲ ਮਿਲ ਕੇ ਪੰਜਾਬ ਦਾ ਨੁਕਸਾਨ ਕੀਤਾ
ਚੰਡੀਗੜ੍ਹ, 21 ਅਕਤੂਬਰ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਅਮਰਿੰਦਰ ਸਿੰਘ ਵੜਿੰਗ ਨੇ ਅੱਜ ਅਪਣੇ 21 ਦਿਨ ਦੇ ਕੰਮ ਦਾ ਰੀਪੋਰਟ ਕਾਰਡ ਪੇਸ਼ ਕਰਦਿਆਂ ਜਿਥੇ ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਉਪਰ ਟਰਾਂਸਪੋਰਟ ਮਾਫ਼ੀਆ ਨੂੰ  ਲੈ ਕੇ ਜ਼ੋਰਦਾਰ ਹਮਲਾ ਕੀਤਾ ਹੈ,ਉਥੇ ਕੈਪਟਨ ਅਮਰਿੰਦਰ ਸਿੰਘ ਵਿਰੁਧ ਵੀ ਸਾਢੇ ਚਾਰ ਸਾਲ ਦੇ ਕੰਮਾਂ ਨੂੰ  ਲੈ ਕੇ ਸਖ਼ਤ ਟਿਪਣੀਆਂ ਕੀਤੀਆਂ ਹਨ |
ਅੱਜ ਇਥੇ ਪੰਜਾਬ ਭਵਨ ਵਿਚ ਪ੍ਰੈੱਸ ਕਾਨਫ਼ਰੰਸ ਨੂੰ  ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ 15-20 ਸਾਲ ਪਹਿਲਾਂ ਪੰਜਾਬ ਦੇ ਮਾਫ਼ੀਆ ਨਾਂ ਨਹੀਂ ਸੀ ਸੁਣਿਆ ਜਾਂਦਾ | ਪੰਜਾਬ ਵਿਚ ਰੇਤ, ਕੇਬਲ ਤੇ ਡਰੱਗ ਮਾਫ਼ੀਏ ਬਾਦਲ ਸਰਕਾਰ ਦੇ ਪਿਛਲੇ ਰਾਜ ਸਮੇਂ ਹੀ ਬਣੇ ਅਤੇ ਟਰਾਂਸਪੋਰਟ ਮਾਫ਼ੀਆ ਦੇ ਜਨਮ ਦਾਤਾ ਤਾਂ ਸਿੱਧੇ ਤੌਰ 'ਤੇ 'ਜੀਜਾ-ਸਾਲਾ' (ਸੁਖਬੀਰ ਤੇ ਮਜੀਠੀਆ) ਹੀ ਹਨ | ਸਿਰਫ਼ ਆਰਬਿਟ ਹੀ ਨਹੀਂ ਬਲਕਿ ਸਵਾਗਤਮ, ਰਾਜਧਾਨੀ, ਇੰਡੋ ਕੈਨੇਡੀਅਨ ਅਤੇ ਹੋਰ ਅਨੇਕਾਂ ਨਾਵਾਂ ਉਪਰ ਬਾਦਲਾਂ ਦਾ ਹੀ ਟਰਾਂਸਪੋਰਟ ਦਾ ਕਾਰੋਬਾਰ ਹੈ | ਪਿਛਲੇ 15 ਸਾਲਾਂ ਵਿਚ ਬਾਦਲਾਂ ਤੇ ਇਸ ਦੇ ਸਹਿਯੋਗੀ ਟਰਾਂਸਪੋਰਟ ਮਾਫ਼ੀਏ ਨੇ ਵੱਖ ਵੱਖ ਨਾਵਾਂ 3000 ਕਰੋੜ ਰੁਪਏ ਦੀ ਲੁੱਟ ਕੀਤੀ ਹੈ | 
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤਿੱਖਾ ਹਮਲਾ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਉਪਰ ਵੀ ਪਛਤਾਵਾ ਹੈ ਤੇ ਮੈਂ ਲੋਕਾਂ ਤੋਂ ਮਾਫ਼ੀ ਮੰਗਦਾ ਹਾਂ ਕਿ ਜੋ ਵਾਅਦੇ ਕੀਤੇ, ਉਨ੍ਹਾਂ ਵਿਚੋਂ ਬਹੁਤੇ ਪੂਰੇ ਨਹੀਂ ਹੋਏ | ਉਨ੍ਹਾਂ ਕਿਹਾ ਕਿ ਭਾਵੇਂ 1984 ਵਿਚ ਅਸਤੀਫ਼ਾ ਦੇ ਕੇ ਅਤੇ ਫਿਰ ਪਾਣੀਆਂ ਦੇ ਮੁੱਦੇ ਉਪਰ ਚੰਗੀ ਗੱਲ ਕੀਤੀ ਪਰ ਇਸ ਵਾਰ ਲੋਕਾਂ ਨੇ ਕੈਪਟਨ ਦੇ ਵਾਅਦਿਆਂ ਨੂੰ  ਦੇਖਦਿਆਂ ਵੱਡਾ ਫ਼ਤਵਾ ਦਿਤਾ ਸੀ ਪਰ ਕੈਪਟਨ ਨੇ ਕੇਂਦਰ ਸਰਕਾਰ ਤੇ ਭਾਜਪਾ ਤੇ ਅਕਾਲੀਆਂ ਨਾਲ ਸਮਝੌਤਾਵਾਦੀ ਨੀਤੀ ਅਪਣਾ ਕੇ ਪਹਿਲੀ ਸਰਕਾਰ ਸਮੇਂ ਚਲ ਰਹੇ ਮਾਫ਼ੀਆ ਨੂੰ  ਵਧਣ ਫੁੱਲਣ ਦਾ ਮੌਕਾ ਦਿਤਾ ਅਤੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ |
ਉਨ੍ਹਾਂ ਕੈਪਟਨ ਨੂੰ  ਸਮਝੌਤਾਵਾਦੀ ਮੁੱਖ ਮੰਤਰੀ ਦਸਦਿਆਂ ਕਿਹਾ ਕਿ ਹੁਣ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਨਾਲ ਗਠਜੋੜ ਦੀ ਗੱਲ ਵੀ ਇਸੇ ਸਮਝੌਤਾਵਾਦੀ ਨੀਤੀ ਦਾ ਨਤੀਜਾ ਹੈ | ਰਾਜਾ ਵੜਿੰਗ ਨੇ ਅਪਣਾ 21 ਦਿਨ ਦਾ ਰੀਪੋਰਟ ਕਾਰਡ ਪੇਸ਼ ਕਰਦਿਆਂ ਦਸਿਆ ਕਿ 29 ਸਤੰਬਰ ਤੋਂ 19 ਅਕਤੂਬਰ ਤਕ ਬਿਨਾਂ ਟੈਕਸ ਭਰੇ ਤੇ ਹੋਰ ਨਿਯਮਾਂ ਦਾ ਉਲੰਘਣਾ ਕਰ ਕੇ ਚਲ ਰਹੀਆਂ ਬਾਦਲਾਂ ਤੇ ਹੋਰ ਟਰਾਂਸਪੋਰਟ ਕੰਪਨੀਆਂ ਦੀਆਂ 258 ਬਸਾਂ ਜ਼ਬਤ ਕੀਤੀਆਂ ਗਈਆਂ ਹਨ ਅਤੇ ਖ਼ਜ਼ਾਨੇ ਵਿਚ 3.29 ਕਰੋੜ ਦਾ ਵਸੂਲ ਕੇ ਜਮ੍ਹਾਂ ਕਰਵਾਇਆ ਹੈ | ਪ੍ਰਤੀ ਦਿਨ ਪੀ.ਆਰ.ਟੀ.ਸੀ. ਤੇ ਪੰਜਾਬ ਰੋਡਵੇਜ਼ ਦੀ ਆਮਦਨ ਵਿਚ 53 ਲੱਖ ਰੁਪਏ ਦਾ ਵਾਧਾ 15 ਦਿਨਾਂ ਦੌਰਾਨ ਹੋਇਆ ਹੈ | 842 ਨਵੀਆਂ ਬਸਾਂ ਪਾਉਣ ਲਈ ਟੈਂਡਰ ਦਿਤੇ ਗਏ ਹਨ ਤੇ ਨਵੇਂ ਬੱਸ ਅੱਡਿਆਂ ਦਾ ਕੰਮ ਵੀ ਸ਼ੁਰੂ ਹੋ ਚੁਕਾ ਹੈ | ਕੱਚੇ ਕਾਮਿਆਂ ਦੀ ਤਨਖ਼ਾਹ ਵਿਚ 30 ਫ਼ੀ ਸਦੀ ਵਾਧਾ ਕੀਤਾ ਗਿਆ ਤੇ ਨਵੀਆਂ ਬਸਾਂ ਲਈ 800 ਡਰਾਈਵਰਾਂ, ਕੰਡਕਟਰਾਂ ਤੇ ਹੋਰ ਸਟਾਫ਼ ਦੀ ਭਰਤੀ ਦੀ ਪ੍ਰਕਿਰਿਆ ਵੀ ਸ਼ੁਰੂ ਹੈ |
ਉਨ੍ਹਾਂ ਦਸਿਆ ਕਿ ਬੱਸ ਅੱਡਿਆਂ ਦੀ ਸਫ਼ਾਈ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ | ਡਰਾਈਵਿੰਗ ਲਾਇਸੰਸ ਤੇ ਆਰ.ਸੀ. ਦੇ ਲੰਬਿਤ ਮਾਮਲੇ ਵਿਸ਼ੇਸ਼ ਕੈਂਪ ਲਾ ਕੇ ਨਿਪਟਾਏ ਜਾਣਗੇ | ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਅਗਲੇ 15 ਦਿਨਾਂ ਵਿਚ ਹੋਰ ਵੱਡੇ ਨਤੀਜੇ ਸਾਹਮਣੇ ਆਉਣਗੇ |