ਨਰਸ ਨੇ ਮਰੀਜ਼ਾਂ ਨੂੰ ਲਾਏ ਹਵਾ ਨਾਲ ਭਰੇ ਟੀਕੇ, ਤੜਫ-ਤੜਫ ਕੇ 4 ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਨਰਸ ਨੇ ਮਰੀਜ਼ਾਂ ਨੂੰ ਲਾਏ ਹਵਾ ਨਾਲ ਭਰੇ ਟੀਕੇ, ਤੜਫ-ਤੜਫ ਕੇ 4 ਦੀ ਹੋਈ ਮੌਤ

image

ਵਾਸ਼ਿੰਗਟਨ, 21 ਅਕਤੂਬਰ : ਅਮਰੀਕਾ ਵਿਚ ਇਕ ਸੀਰੀਅਲ ਕਿਲਰ ਮਰਦ ਨਰਸ ਨੂੰ 4 ਮਰੀਜ਼ਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਹੈ। ਮਰਦ ਨਰਸ ਵਿਲੀਅਮ ਡੇਵਿਸ ਨੇ ਮਰੀਜ਼ਾਂ ਦੀਆਂ ਨਾੜਾਂ ਵਿਚ ਹਵਾ ਦੇ ਟੀਕੇ ਲਗਾ ਕੇ ਉਨ੍ਹਾਂ ਦੀ ਜਾਨ ਲੈ ਲਈ। 
ਡੇਲੀ ਮੇਲ ਦੀ ਰਿਪੋਰਟ ਮੁਤਾਬਕ 37 ਸਾਲਾ ਵਿਲੀਅਮ ਡੇਵਿਸ ਨੇ ਟੈਕਸਾਸ ਦੇ ਮੰਨੇ-ਪ੍ਰਮੰਨੇ ਹਸਪਤਾਲ ਵਿਚ ਹਾਰਟ ਸਰਜਰੀ ਕਰਵਾ ਕੇ ਰਿਕਰਵਰ ਹੋ ਰਹੇ ਮਰੀਜ਼ਾਂ ਨੂੰ ਤੜਫਾ ਕੇ ਮਾਰ ਦਿਤਾ। ਉਸਨੇ ਇਨ੍ਹਾਂ ਵਾਰਦਾਤਾਂ ਨੂੰ ਜੂਨ 2017 ਤੋਂ ਜਨਵਰੀ 2018 ਦਰਮਿਆਨ ਅੰਜ਼ਾਮ ਦਿਤਾ ਸੀ। ਇਸ ਕੇਸ ਦੇ ਵਕੀਲਾਂ ਨੇ ਕੋਰਟ ਵਿਚ ਦਸਿਆ ਕਿ ਡੇਵਿਸ ਨੇ ਜਾਣਬੁੱਝ ਕੇ ਮਰੀਜ਼ਾਂ ਦੀਆਂ ਨਾੜੀਆਂ ਵਿਚ ਹਵਾ ਦਾ ਇੰਜੈਕਸ਼ਨ ਲਗਾਇਆ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਵਕੀਲਾਂ ਨੇ ਇਹ ਵੀ ਦਾਅਵਾ ਕੀਤਾ ਕਿ ਡੇਵਿਸ ’ਲੋਕਾਂ ਨੂੰ ਮਾਰਨਾ ਪਸੰਦ ਕਰਦਾ ਸੀ।’ ਰਿਪੋਰਟ ਦੇ ਅਨੁਸਾਰ ਵਕੀਲ ਗੇਟਵੁਡ ਨੇ ਕਿਹਾ, ’ਵਿਲੀਅਮ  ਡੇਵਿਸ ਦਾ ਇਰਾਦਾ ਸਿਰਫ਼ ਇਹ ਸੀ ਕਿ ਉਹ ਲੋਕਾਂ ਨੂੰ ਮਾਰਨਾ ਪਸੰਦ ਕਰਦਾ ਸੀ। ਉਸ ਨੂੰ ਮਰੀਜ਼ਾਂ ਨੂੰ ਹਵਾ ਨਾਲ ਭਰ ਕੇ ਟੀਕੇ ਲਗਾਉਣ ਦਾ ਮਜ਼ਾ ਆਉਂਦਾ ਸੀ।’ 
ਉਨ੍ਹਾਂ ਨੇ ਹਸਪਤਾਲ ਦੇ ਕਮਰੇ ਵਿਚ ਲੱਗੇ ਸੀ.ਸੀ.ਟੀ.ਵੀ. ਦੀ ਫੁਟੇਜ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਡੇਵਿਸ ਮਰੀਜ਼ਾਂ ਨੂੰ ਕਮਰੇ ਵਿਚ ਲਿਜਾ ਕੇ ਉਨ੍ਹਾਂ ਨੂੰ ਹਵਾ ਦਾ ਇੰਜੈਕਸ਼ਨ ਲਗਾਉਂਦਾ ਸੀ ਅਤੇ ਫਿਰ ਕਮਰੇ ਦੀ ਇਕ ਨੁਕਰ ਵਿਚ ਖੜ੍ਹਾ ਹੋ ਕੇ ਉਨ੍ਹਾਂ ਨੂੰ ਤੜਫਦੇ ਵੇਖਦਾ ਰਹਿੰਦਾ ਸੀ। ਅਜਿਹਾ ਉਹ ਇਸ ਲਈ ਕੀਤਾ, ਕਿਉਂਕਿ ਉਸ ਨੂੰ ਇਸ ਵਿਚ ਮਜ਼ਾ ਆਉਂਦਾ ਸੀ। ਉਧਰ ਡੇਵਿਸ ਦੇ ਵਕੀਲ ਨੇ ਕਿਹਾ ਉਸ ਦਾ ਬਚਾਅ ਕਰਦਿਆਂ ਕਿਹਾ ਕਿ ਉਸ ਦਾ ਸੁਖੀ ਪਰਿਵਾਰ ਹੈ। ਉਸ ਦੀ ਪਤਨੀ ਅਤੇ ਦੋ ਬੱਚੇ ਹਨ। ਉਸ ਕੋਲ ਅਜਿਹਾ ਕਰਨ ਦਾ ਕੋਈ ਕਾਰਨ ਨਹੀਂ ਹੈ।
ਫਿਲਹਾਲ ਸਮਿਥ ਕਾਉਂਟੀ ਜ਼ਿਲ੍ਹਾ ਅਦਾਲਤ ਨੇ ਡੇਵਿਸ ਨੂੰ 4 ਲੋਕਾਂ ਦੇ ਕਤਲ ਦਾ ਦੋਸ਼ੀ ਠਹਿਰਾਇਆ ਹੈ। ਅਗਲੀ ਸੁਣਵਾਈ ’ਤੇ ਸਜ਼ਾ ਸੁਣਾਈ ਜਾਵੇਗੀ। ਰਿਪੋਰਟ ਦੀ ਮੰਨੀਏ ਤਾਂ ਉਸ ਨੂੰ ਉਮਰ ਕੈਦ ਜਾਂ ਮੌਤ ਦੀ ਸਜ਼ਾ ਹੋ ਸਕਦੀ ਹੈ। ਵਕੀਲਾਂ ਨੇ ਮੌਤ ਦੀ ਸਜ਼ਾ ਦੀ ਮੰਗ ਵੀ ਕੀਤੀ ਹੈ।  (ਏਜੰਸੀ)