ਅਰਸ਼ਵੀਰ ਕੌਰ ਨੇ ਜੱਜ ਬਣ ਕੇ ਚਮਕਾਇਆ ਸ੍ਰੀ ਮੁਕਤਸਰ ਸਾਹਿਬ ਦਾ ਨਾਮ
ਹਰਿਆਣਾ ਜੁਡੀਸ਼ਰੀ ਵਿਚੋਂ ਹਾਸਲ ਕੀਤਾ 51ਵਾਂ ਰੈਂਕ
ਸ੍ਰੀ ਮੁਕਤਸਰ ਸਾਹਿਬ : ਅਰਸ਼ਵੀਰ ਕੌਰ ਸਪੁੱਤਰੀ ਕੁਲਦੀਪ ਸਿੰਘ ਨੇ ਹਰਿਆਣਾ ਜੁਡੀਸ਼ਰੀ ਵਿਚੋਂ 51 ਰੈਂਕ ਹਾਸਲ ਕਰ ਜੱਜ ਬਣ ਕੇ ਅਪਣਾ, ਅਪਣੇ ਮਾਤਾ-ਪਿਤਾ, ਪਿੰਡ ਭੰਗੇਵਾਲਾ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ। ਅਪਣੀ ਕਾਬਲੀਅਤ ਦੀ ਗੱਲ ਕਰਦਿਆਂ ਅਰਸ਼ਵੀਰ ਕੌਰ ਨੇ ਦਸਿਆ ਕਿ ਉਸ ਨੇ ਮੁਢਲੀ ਪੜ੍ਹਾਈ ਲਿਟਲ ਫਲਾਵਰ ਸਕੂਲ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਾਪਤ ਕੀਤੀ ਤੇ ਗਿਆਰਵੀਂ ਬਾਰਵੀਂ ਸੈਕਟਰ-18 ਚੰਡੀਗੜ੍ਹ ਤੋਂ ਜਿਥੇ ਮੈਂ ਸਕੂਲ ਕੈਪਟਨ ਵੀ ਰਹੀ ਹਾਂ। ਉਨ੍ਹਾਂ ਦਸਿਆ ਕਿ ਮੇਰੇ ਦਾਦਾ ਜੀ ਦਾ ਨਾਮ ਜੱਜ ਸਿੰਘ ਸੀ ਤੇ ਲੋਕ ਉਨ੍ਹਾਂ ਨੂੰ ਜੱਜ ਸਾਹਿਬ ਕਹਿ ਕੇ ਬੁਲਾਉਂਦੇ ਸਨ, ਜੋ ਮੈਨੂੰ ਬਹੁਤ ਪ੍ਰਭਾਵਤ ਕਰਦਾ ਸੀ।
ਉਨ੍ਹਾਂ ਦਸਿਆ ਕਿ ਸੰਘਰਸ਼ ਦਾ ਪੈਂਡਾ ਬਹੁਤ ਲੰਮਾ ਸੀ ਤੇ ਕਈ ਵਾਰ ਫੇਲ ਹੋਣ ਤੋਂ ਬਾਅਦ ਸੋਚਿਆ ਕਿ ਜੇਕਰ ਸੁਪਨਾ ਸੋਚਿਆ ਏ ਤਾਂ ਇਸ ਨੂੰ ਸਿਰੇ ਲਾ ਕੇ ਹੀ ਰੁਕਣਾ ਚਾਹੀਦਾ ਹੈ। ਇਸ ਸਫ਼ਲਤਾ ਵਿਚ ਸੱਭ ਤੋਂ ਪਹਿਲਾਂ ਮੈਂ ਬਾਬੇ ਨਾਨਕ ਦਾ ਧਨਵਾਦ ਕਰਨਾ ਚਾਹੁੰਦੀ ਹਾਂ। ਉਸ ਤੋਂ ਬਾਅਦ ਮੇਰੇ ਮਾਤਾ-ਪਿਤਾ, ਮਾਮਾ-ਮਾਮੀ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ, ਜਿਨ੍ਹਾਂ ਇਕ ਆਮ ਕਿਸਾਨ ਦੀ ਧੀ ਨੂੰ ਅੱਜ ਦੇ ਜ਼ਮਾਨੇ ਵਿਚ ਇੰਨੀ ਮਹਿੰਗੀ ਪੜ੍ਹਾਈ ਦੇ ਖਰਚੇ ਤੋਂ ਮੂੰਹ ਨਹੀਂ ਮੋੜਿਆ।
ਅਰਸ਼ਵੀਰ ਨੇ ਦਸਿਆ ਕਿ ਇਕ ਵਾਰ ਮੈਂ ਸਿਰਫ਼ 2 ਅੰਕਾਂ ਦੇ ਫ਼ਰਕ ਨਾਲ ਰਹਿ ਗਈ ਸੀ ਤੇ ਸੋਚਿਆ ਹੁਣ ਨਹੀਂ ਹੋਣਾ ਪਰ ਮੇਰੇ ਮਾਤਾ ਪਿਤਾ ਨੇ ਮੈਨੂੰ ਹੌਸਲਾ ਦਿਤਾ ਕਿ ਤੇਰਾ ਇਹ ਸੁਪਨਾ ਹੈ, ਅਸੀਂ ਤੇਰੇ ਨਾਲ ਹਾਂ ਤੇ ਤੂੰ ਇਸ ਨੂੰ ਜ਼ਰੂਰ ਪੂਰਾ ਕਰੇਗੀ, ਬੱਸ ਫਿਰ ਤੋਂ ਮਿਹਨਤ ਸ਼ੁਰੂ ਕੀਤੀ, ਜਿਸ ਮੇਰੇ ਮਾਤਾ ਹਰ ਵਕਤ ਮੇਰੇ ਨਾਲ ਖੜੇ ਹਰ ਪੇਪਰ ਵਿਚ ਮੇਰੇ ਨਾਲ ਜਾਂਦੇ ਰਹੇ ਹਨ, ਉਨ੍ਹਾਂ ਦੇ ਸਹਿਯੋਗ ਅਤੇ ਹੌਸਲੇ ਕਰ ਕੇ ਮੈਂ ਅਪਣਾ ਸੁਪਨਾ ਪੂਰਾ ਕੀਤਾ ਹੈ।
ਇਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਤੋ ਇਲਾਵਾ ਉਸ ਦੇ ਮਾਮਾ ਨਰਿੰਦਰ ਸਿੰਘ ਭਾਗਸਰ, ਰਿਤਮਹਿਦਰ ਸਿੰਘ ਬੌਬੀ ਬਰਾੜ ਅਤੇ ਭਾਜਪਾ ਆਗੂ ਕੁਲਦੀਪ ਸਿੰਘ ਭੰਗੇਵਾਲਾ ਆਦਿ ਨੇ ਇਸ ਸਫ਼ਲਤਾ ਲਈ ਪਰਵਾਰ ਅਤੇ ਅਰਸ਼ਵੀਰ ਨੂੰ ਉਨ੍ਹਾਂ ਦੀ ਵੱਡੀ ਸਫ਼ਲਤਾ ਪਿੰਡ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ’ਤੇ ਵਧਾਈ ਦਿਤੀ।