ਪੰਜਾਬ 'ਚ ਪਰਾਲ਼ੀ ਸਾੜਨ ਕਰਕੇ ਨਹੀਂ ਵਧਦਾ ਦਿੱਲੀ ਦਾ ਪ੍ਰਦੂਸ਼ਣ - ਮੌਸਮ ਵਿਗਿਆਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਦੀ ਦੇ ਇਸ ਮੌਸਮ 'ਚ ਦਿੱਲੀ ਦੇ ਏਅਰ ਕੁਆਲਟੀ ਇੰਡੈਕਸ ਦੇ ਚਿੰਤਾਜਨਕ ਚੱਲਣ ਦਾ ਕਾਰਨ ਤਿਉਹਾਰ, ਉਦਯੋਗ ਅਤੇ ਤੇਜ਼ੀ ਨਾਲ ਵਾਹਨਾਂ ਦੀ ਵਧ ਗਿਣਤੀ ਹੈ।

Delhi's pollution does not increase due to stubble burning in Punjab - meteorologist

 

ਲੁਧਿਆਣਾ - ਇੱਕ ਸਟੱਡੀ ਦੇ ਆਧਾਰ 'ਤੇ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਦਿੱਲੀ 'ਚ ਨਵੰਬਰ ਤੋਂ ਜਨਵਰੀ ਤੱਕ ਜੋ ਪ੍ਰਦੂਸ਼ਣ ਦੀ ਸਮੱਸਿਆ ਆਉਂਦੀ ਹੈ, ਉਹ ਪੰਜਾਬ ਕਾਰਨ ਨਹੀਂ ਆਉਂਦੀ। ਇਸ ਸਰਦੀਆਂ ਦੇ ਸੀਜ਼ਨ 'ਚ ਹਵਾ ਦੀ ਰਫ਼ਤਾਰ  6 ਕਿੱਲੋਮੀਟਰ ਪ੍ਰਤੀ ਘੰਟਾ ਹੈ ਜੋ ਪ੍ਰਦੂਸ਼ਣ ਨੂੰ ਧੱਕਣ 'ਚ ਸਮਰੱਥ ਨਹੀਂ ਹੈ। ਹਵਾ ਦੀ ਦਿਸ਼ਾ ਇਸ ਸਮੇਂ ਦੱਖਣ-ਪੂਰਬ ਵੱਲ ਹੈ। ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਸਰਦੀ ਦੇ ਇਸ ਮੌਸਮ 'ਚ ਦਿੱਲੀ ਦੇ ਏਅਰ ਕੁਆਲਟੀ ਇੰਡੈਕਸ ਦੇ ਚਿੰਤਾਜਨਕ ਚੱਲਣ ਦਾ ਕਾਰਨ ਤਿਉਹਾਰ, ਉਦਯੋਗ ਅਤੇ ਤੇਜ਼ੀ ਨਾਲ ਵਾਹਨਾਂ ਦੀ ਵਧ ਗਿਣਤੀ ਹੈ।

ਉਨ੍ਹਾਂ ਕਿਹਾ ਕਿ ਫਰਵਰੀ ਤੇ ਮਾਰਚ 'ਚ ਜਿਉਂ ਹੀ ਤਾਪਮਾਨ ਵੱਧਣ ਲਗਦਾ ਹੈ ਤਾਂ ਏਅਰ ਕੁਆਲਟੀ 'ਚ ਵੀ ਸੁਧਾਰ ਆਉਣ ਲਗਦਾ ਹੈ। ਮੌਸਮ ਮਾਹਿਰਾਂ ਨੇ ਇਹ ਵੀ ਜਾਣਕਾਰੀ ਸਾਂਝੀ ਕੀਤੀ ਕਿ ਜੁਲਾਈ ਤੇ ਅਗਸਤ ਦੇ ਮਹੀਨੇ ਦੌਰਾਨ ਮਾਨਸੂਨ ਦੇ ਚੱਲਦਿਆਂ ਪ੍ਰਦੂਸ਼ਣ ਘਟਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੌਸਮ ਦੇ ਖੁਸ਼ਕ ਰਹਿਣ ਨਾਲ ਬਾਰਿਸ਼ ਦੇ 10 ਮਹੀਨਿਆਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਵਧ ਜਾਂਦਾ ਹੈ।

ਮੌਸਮ ਮਾਹਿਰਾਂ ਨੇ ਸਾਫ਼ ਕਿਹਾ ਕਿ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦਿੱਲੀ 'ਚ ਏਅਰ ਕੁਆਲਟੀ ਪੱਧਰ ਦੇ ਕੀਤੇ ਗਏ ਅਧਿਐਨ ਨਾਲ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲ਼ੀ ਸਾੜਣ ਕਾਰਨ ਦਿੱਲੀ 'ਚ ਪ੍ਰਦੂਸ਼ਣ ਨਹੀਂ ਫ਼ੈਲਦਾ। ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਮੋਹਾਲੀ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸਾਂਝੇ ਤੌਰ ਕੀਤੀ ਸਟੱਡੀ ਦੇ ਅਧਾਰ 'ਤੇ ਕਿਹਾ ਕਿ ਦਿੱਲੀ 'ਚ ਹਵਾ ਪ੍ਰਦੂਸ਼ਣ ਐੱਨ.ਸੀ.ਆਰ. ਜਾਂ ਯੂ.ਪੀ. ਕਰਕੇ ਫ਼ੈਲ ਰਿਹਾ ਹੈ। ਦੂਜੇ ਪਾਸੇ, ਪੰਜਾਬ ਦੇ ਕਿਸਾਨਾਂ ਵੱਲੋਂ ਪਰਾਲ਼ੀ ਸਾੜਣ ਦੇ ਮਾਮਲੇ ਆਉਣੇ ਲਗਾਤਾਰ ਜਾਰੀ ਹਨ। ਜਾਪਦਾ ਹੈ ਕਿ ਸਰਕਾਰ ਦੇ ਕੀਤੇ ਉਪਾਅ ਕਿਸਾਨਾਂ ਨੂੰ ਪਰਾਲ਼ੀ ਸਾੜਨ ਤੋਂ ਮੁਕੰਮਲ ਤੌਰ 'ਤੇ ਰੋਕਣ 'ਚ ਹਾਲੇ ਹੋਰ ਸਮਾਂ ਲੈਣਗੇ।