ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਯਾਤਰੀ ਕੋਲੋਂ ਬਰਾਮਦ ਹੋਇਆ 21 ਲੱਖ ਰੁਪਏ ਦਾ ਸੋਨਾ

ਏਜੰਸੀ

ਖ਼ਬਰਾਂ, ਪੰਜਾਬ

ਪੇਸਟ ਦਾ ਵਜ਼ਨ 497 ਗ੍ਰਾਮ ਹੈ, ਜਦਕਿ ਅਸਲੀ ਸੋਨੇ ਦਾ ਵਜ਼ਨ 411 ਗ੍ਰਾਮ ਪਾਇਆ ਗਿਆ

Gold worth 21 lakh rupees was recovered from a passenger

 

ਅੰਮ੍ਰਿਤਸਰ- ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇੱਕ ਯਾਤਰੀ ਕੋਲੋਂ 21 ਲੱਖ ਰੁਪਏ ਦੀ ਕੀਮਤ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਪਾਈਸ ਜੈੱਟ ਹਵਾਈ ਕੰਪਨੀ ਦੀ ਇਕ ਉਡਾਣ ਦੁਬਈ ਤੋਂ ਅੰਮ੍ਰਿਤਸਰ ਆਈ ਸੀ। ਇਸ ਹਵਾਈ ਉਡਾਣ ਰਾਹੀਂ ਅੰਮ੍ਰਿਤਸਰ ਏਅਰਪੋਰਟ ਪੁੱਜੇ ਇਕ ਯਾਤਰੀ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਉਸ ਕੋਲੋਂ ਸੋਨਾ ਬਰਾਮਦ ਹੋਇਆ ਹੈ।

ਉਨ੍ਹਾਂ ਨੇ ਦੱਸਿਆ ਕਿ ਯਾਤਰੀ ਸੋਨੇ ਨੂੰ ਪੇਸਟ ਫੋਰਮ ਵਿਚ ਲੈ ਕੇ ਆਇਆ ਸੀ, ਜਿਸ ਦਾ ਭਾਰ 497 ਗ੍ਰਾਮ ਸੀ। ਇਹ ਦੋ ਛੋਟੇ ਪੈਕੇਟਾਂ ਦੇ ਰੂਪ ਵਿੱਚ ਸੀ, ਜਿਸ ਨੂੰ ਯਾਤਰੀ ਨੇ ਆਪਣੇ ਗੁਦਾ ਵਿੱਚ ਲੁਕਾਇਆ ਹੋਇਆ ਸੀ। ਕਸਟਮ ਵਿਭਾਗ ਨੇ ਉਕਤ ਸੋਨੇ ਨੂੰ ਜ਼ਬਤ ਕਰਦੇ ਹੋਏ ਯਾਤਰੀ ਦੇ ਹੋਰ ਸਾਥੀਆਂ ਦੀ ਵੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।

ਕਸਟਮ ਅਧਿਕਾਰੀਆਂ ਮੁਤਾਬਕ ਸਪਾਈਸ ਜੈੱਟ ਦੀ ਉਡਾਣ ਦੁਬਈ ਤੋਂ ਉਡਾਣ ਭਰਨ ਤੋਂ ਬਾਅਦ ਵੀਰਵਾਰ ਰਾਤ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ। ਜਹਾਜ਼ ਦੇ ਲੈਂਡ ਹੋਣ ਤੋਂ ਬਾਅਦ ਸਾਰੇ ਯਾਤਰੀ ਹਵਾਈ ਅੱਡੇ ਦੇ ਸੁਰੱਖਿਅਤ ਘੇਰੇ ਵਿੱਚ ਪਹੁੰਚੇ ਅਤੇ ਆਪਣੇ ਸਾਮਾਨ ਦੀ ਜਾਂਚ ਕਰਵਾਉਣ ਲੱਗੇ। ਇਸ ਦੌਰਾਨ ਕਸਟਮ ਅਧਿਕਾਰੀਆਂ ਨੂੰ ਇਕ ਯਾਤਰੀ ਦੀ ਹਰਕਤ ‘ਤੇ ਕੁਝ ਸ਼ੱਕ ਹੋਇਆ ਤਾਂ ਉਸ ਨੂੰ ਫੜ ਕੇ ਪੁੱਛਗਿੱਛ ਕੀਤੀ।

ਅਫਸਰਾਂ ਨੇ ਪੁੱਛਿਆ ਕਿ ਉਹ ਕਿਉਂ ਲੜਖੜਾ ਕੇ ਚੱਲ ਰਿਹਾ ਹੈ, ਕੀ ਉਸ ਦੀ ਸਿਹਤ ਠੀਕ ਨਹੀਂ ਹੈ। ਇਸ ‘ਤੇ ਇਸ ਯਾਤਰੀ ਨੇ ਹਾਂ ਦੇ ਅੰਦਾਜ਼ ‘ਚ ਸਿਰ ਹਿਲਾਇਆ ਅਤੇ ਅੱਗੇ ਵਧਣ ਲੱਗਾ ਤਾਂ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਕੀਤੀ। ਇਸ ਦੌਰਾਨ ਜਾਂਚ ‘ਚ ਸਾਹਮਣੇ ਆਇਆ ਕਿ ਯਾਤਰੀ ਦੁਬਈ ਤੋਂ ਸੋਨਾ ਆਪਣੇ ਗੁਦਾ ‘ਚ ਲੁਕਾ ਕੇ ਲਿਆਇਆ ਸੀ। ਕਸਟਮ ਕਮਿਸ਼ਨਰ ਨੇ ਦੱਸਿਆ ਕਿ ਦੁਬਈ ਤੋਂ ਲਿਆਂਦਾ ਗੈਰ-ਕਾਨੂੰਨੀ ਸੋਨਾ ਜ਼ਬਤ ਕਰ ਲਿਆ ਗਿਆ ਹੈ। ਪੇਸਟ ਦਾ ਵਜ਼ਨ 497 ਗ੍ਰਾਮ ਹੈ, ਜਦਕਿ ਅਸਲੀ ਸੋਨੇ ਦਾ ਵਜ਼ਨ 411 ਗ੍ਰਾਮ ਪਾਇਆ ਗਿਆ, ਜਿਸ ਦੀ ਕੀਮਤ 21 ਲੱਖ 29 ਹਜ਼ਾਰ ਰੁਪਏ ਬਣਦੀ ਹੈ।