ਭਿਆਨਕ ਹਾਦਸਾ: ਖੜ੍ਹੇ ਟਰੱਕ 'ਚ ਜਾ ਵੱਜੀ ਕਾਰ, ਕਾਰ ਚਾਲਕ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਰ ਪੂਰੀ ਤਰ੍ਹਾਂ ਹੋਈ ਚਕਨਾਚੂਰ

photo

 

ਭੋਗਪੁਰ: ਜਲੰਧਰ-ਜੰਮੂ ਹਾਈਵੇਅ 'ਤੇ ਭਿਆਨਕ ਹਾਦਸਾ ਵਾਪਰ ਗਿਆ ਇਥੇ ਥਾਣਾ ਭੋਗਪੁਰ ਦੀ ਪੁਲਿਸ ਚੌਂਕੀ ਪਚਰੰਗਾ ਨੇੜਲੇ ਪਿੰਡ ਕਲੋਨੀ ਦੇ ਇਕ ਢਾਬੇ ਅੱਗੇ ਵਾਪਰੇ ਇਕ ਸੜਕ ਹਾਦਸੇ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਾਰ ਖੜੇ ਟਰੱਕ ਵਿਚ ਜਾ ਵੱਜੀ।

ਜਾਣਕਾਰੀ ਅਨੁਸਾਰ ਹਰਮੇਸ਼ ਕੁਮਾਰ ਪੁੱਤਰ ਮੁਨਸ਼ੀ ਰਾਮ ਵਾਸੀ ਉਨ੍ਹਾਂ ਜੋਕਿ ਪਿੰਡ ਪਚਰੰਗਾ 'ਚ ਇਕ ਸਵੀਟ ਸ਼ਾਪ 'ਤੇ ਕੰਮ ਕਰਦਾ ਸੀ। ਬੀਤੀ ਰਾਤ ਜਲੰਧਰ ਵੱਲੋਂ ਵਾਪਸ ਪਚਰੰਗਾ ਵੱਲ ਆ ਰਿਹਾ ਸੀ ਅਤੇ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਜਦੋਂ ਹਰਮੇਸ਼ ਕੁਮਾਰ ਦੀ ਕਾਰ ਪਿੰਡ ਕਲੋਨੀ ਨੇੜਲੇ ਢਾਬੇ ਕੋਲ ਪੁੱਜੀ ਤਾਂ ਸੜਕ ਵਿਚ ਇਕ ਟਰੱਕ ਖੜ੍ਹਾ ਸੀ, ਜਿਸ ਦੀ ਕੋਈ ਲਾਈਟ ਜਾਂ ਇੰਡੀਕੇਟਰ ਨਹੀਂ ਚੱਲ ਰਿਹਾ ਸੀ, ਜਿਸ ਕਾਰਨ ਹਰਮੇਸ਼ ਇਸ ਖੜ੍ਹੇ ਟਰੱਕ ਨੂੰ ਨਹੀਂ ਵੇਖ ਸਕਿਆ ਅਤੇ ਉਸ ਦੀ ਕਾਰ ਦੀ ਟਰੱਕ ਦੇ ਪਿਛਲੇ ਪਾਸਿਓਂ ਜਾ ਟਕਰਾਈ। 

 ਕਾਰ ਦਾ ਅੱਧੇ ਤੋਂ ਵੱਧ ਹਿੱਸਾ ਟਰੱਕ ਥੱਲੇ ਜਾ ਵੜਿਆ, ਜਿਸ ਕਾਰਨ ਕਾਰ ਚਾਲਕ ਰਮੇਸ਼ ਕੁਮਾਰ ਉਰਫ਼ ਰਿੰਕੂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਟਰੱਕ ਚਾਲਕ ਨੇ ਭੱਜਣ ਦੀ ਨੀਅਤ ਨਾਲ ਆਪਣਾ ਟਰੱਕ ਘਟਨਾ ਵਾਲੀ ਥਾਂ ਤੋਂ ਭਜਾ ਲਿਆ ਅਤੇ ਕਾਰ ਨੂੰ ਘੜੀਸਦਾ ਹੋਇਆ 600 ਮੀਟਰ ਤੋਂ ਵੀ ਵੱਧ ਦੂਰੀ 'ਤੇ ਲੈ ਗਿਆ। ਇਸੇ ਦੌਰਾਨ ਇਕ ਹੋਰ ਗੱਡੀ ਚਾਲਕ ਨੇ ਟਰੱਕ ਅੱਗੇ ਗੱਡੀ ਲਾ ਕੇ ਟਰੱਕ ਨੂੰ ਰੋਕਿਆ ਅਤੇ ਉਸ ਨੂੰ ਦੱਸਿਆ ਕਿ ਪਿੱਛੇ ਕਾਰ ਫਸੀ ਹੋਈ ਹੈ।