ਫਰੀਦਕੋਟ 'ਚ 13 ਸਾਲਾ ਲੜਕੀ ਨਾਲ ਬਲਾਤਕਾਰ, ਗੁਆਂਢਣ ਦੇ ਪਤੀ ਨੇ ਘਰ ਛੱਡਣ ਬਹਾਨੇ ਕੀਤੀ ਛੇੜਛਾੜ 

ਏਜੰਸੀ

ਖ਼ਬਰਾਂ, ਪੰਜਾਬ

ਲੜਕੀ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

File Photo

ਫਰੀਦਕੋਟ - ਫਰੀਦਕੋਟ 'ਚ ਗੁਆਂਢੀ ਦੇ ਘਰ ਮਹਿੰਦੀ ਲਗਾਉਣ ਗਈ 13 ਸਾਲਾ ਨਾਬਾਲਗ ਲੜਕੀ ਨਾਲ ਗੁਆਂਢਣ ਦੇ ਪਤੀ ਨੇ ਬਲਾਤਕਾਰ ਕੀਤਾ। ਉਹ ਉਸ ਨੂੰ ਘਰ ਛੱਡਣ ਦੇ ਬਹਾਨੇ ਉਸ ਦੇ ਨਾਲ ਆਇਆ ਅਤੇ ਉਸ ਨੂੰ ਖਾਲੀ ਪਲਾਟ ਵਿਚ ਲੈ ਗਿਆ ਅਤੇ ਉਸ ਦੇ ਕੱਪੜੇ ਪਾੜ ਕੇ ਉਸ ਨਾਲ ਜ਼ਬਰਦਸਤੀ ਕੀਤੀ। ਇਸ ਦੌਰਾਨ ਦੋਸ਼ੀ ਨੂੰ ਬਲਾਤਕਾਰ ਕਰਦੇ ਦੇਖ ਕੇ ਲੜਕੀ ਦਾ ਪਿਤਾ ਆ ਗਿਆ ਅਤੇ ਆਪਣੀ ਬੇਟੀ ਨੂੰ ਛੁਡਵਾਇਆ। ਲੜਕੀ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਪੁਲਿਸ ਨੂੰ ਦਿੱਤੇ ਆਪਣੇ ਬਿਆਨ 'ਚ ਪੀੜਤਾ ਨੇ ਦੱਸਿਆ ਕਿ 20 ਅਕਤੂਬਰ ਨੂੰ ਰਾਤ 8.30 ਵਜੇ ਗੁਆਂਢ 'ਚ ਰਹਿਣ ਵਾਲੀ ਇਕ ਔਰਤ ਉਸ ਨੂੰ ਆਪਣੇ ਘਰ ਲੈ ਗਈ। ਔਰਤ ਨੇ ਕਿਹਾ ਕਿ ਉਹ ਉਸ ਦੇ ਮਹਿੰਦੀ ਲਗਾ ਦੇਵੇਗੀ। ਇੱਥੇ ਔਰਤ ਨੇ ਉਸ ਦੇ ਇਕ ਹੱਥ 'ਤੇ ਮਹਿੰਦੀ ਲਗਾਈ ਅਤੇ ਉਸ ਨੂੰ ਘਰ ਜਾਣ ਲਈ ਕਿਹਾ। ਉਸ ਨੇ ਕਿਹਾ ਕਿ ਦੂਜੇ ਪਾਸੇ ਉਹ ਖ਼ੁਦ ਮਹਿੰਦੀ ਲਗਾ ਲਵੇ। 

ਇਸ ਤੋਂ ਬਾਅਦ ਔਰਤ ਦਾ ਪਤੀ ਬੁੱਧ ਸਿੰਘ ਉਸ ਨੂੰ ਛੱਡਣ ਆਇਆ। ਰਸਤੇ ਵਿਚ ਅਚਾਨਕ ਬੁੱਧ ਸਿੰਘ ਦੇ ਇਰਾਦੇ ਵਿਗੜ ਗਏ। ਘਰ ਦੀ ਬਜਾਏ ਉਹ ਨਾਬਾਲਗ ਨੂੰ ਪਲਾਟ ਵਿਚ ਖਿੱਚ ਕੇ ਲੈ ਗਿਆ। ਜਿੱਥੇ ਦੋਸ਼ੀ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਨਾਬਾਲਗ ਨੇ ਵਿਰੋਧ ਕੀਤਾ ਤਾਂ ਦੋਸ਼ੀ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਸਾਰੇ ਕੱਪੜੇ ਪਾੜ ਦਿੱਤੇ। ਫਿਰ ਉਸ ਨਾਲ ਬਲਾਤਕਾਰ ਕੀਤਾ।  

ਜਦੋਂ ਧੀ ਘਰ ਨਹੀਂ ਪਹੁੰਚੀ ਤਾਂ ਪਿਤਾ ਉਸ ਦੀ ਭਾਲ ਵਿਚ ਔਰਤ ਦੇ ਘਰ ਪਹੁੰਚਿਆ। ਉਦੋਂ ਉਨ੍ਹਾਂ ਦੇਖਿਆ ਕਿ ਮੁਲਜ਼ਮ ਉਨ੍ਹਾਂ ਦੀ ਧੀ ਨਾਲ ਸਾਜ਼ਿਸ਼ ਤਹਿਤ ਬਲਾਤਕਾਰ ਕਰ ਰਿਹਾ ਸੀ। ਉਸ ਨੇ ਬੁੱਧ ਸਿੰਘ ਨੂੰ ਆਪਣੀ ਧੀ ਤੋਂ ਦੂਰ ਧੱਕ ਦਿੱਤਾ। ਜਿਸ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਿਆ। ਇਸ ਮਾਮਲੇ ਸਬੰਧੀ ਏਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਇਸ ਸਮੇਂ ਹਸਪਤਾਲ ਵਿਚ ਦਾਖ਼ਲ ਹੈ। ਉਸ ਦੇ ਬਿਆਨ ਲਏ ਗਏ ਹਨ। ਮੁਲਜ਼ਮ ਖ਼ਿਲਾਫ਼ ਬਲਾਤਕਾਰ, ਪੋਕਸੋ ਐਕਟ ਅਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਟੀਮ ਮੁਲਜ਼ਮ ਨੂੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।