Punjab News: ਸਕੂਲ ਵੈਨ ’ਚੋਂ ਡਿੱਗਣ ਕਾਰਨ 3 ਸਾਲਾ ਮਾਸੂਮ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

Punjab News: ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹਾਦਸਾ

A 3-year-old innocent boy died after falling from a school van

 

Punjab News: ਜਲਾਲਾਬਾਦ ਵਿਚ ਨਿੱਜੀ ਸਕੂਲ ਦੀ ਵੈਨ ਤੋਂ ਡਿੱਗਣ ਨਾਲ 3 ਸਾਲਾ ਮਾਸੂਮ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹਾਦਸਾ ਉਸ ਵੇਲੇ ਵਾਪਰਿਆ ਜਦੋਂ ਬੱਚੇ ਸਕੂਲ ਵੈਨ ਵਿਚ ਸਵਾਰ ਹੋ ਕੇ ਘਰ ਪਰਤ ਰਹੇ ਸਨ। ਰਸਤੇ ਵਿਚ ਵੈਨ ਦੀ ਬਾਰੀ ਖੁੱਲ੍ਹੀ ਰਹਿਣ ਕਾਰਨ ਬੱਚਾ ਅਚਾਨਕ ਹੇਠਾਂ ਡਿੱਗ ਗਿਆ ਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਬੱਚੇ ਨੂੰ ਨਿੱਜੀ ਹਸਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। 

ਜਾਣਕਾਰੀ ਦਿੰਦਿਆਂ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 3 ਸਾਲਾ ਬੱਚਾ ਜਲਾਲਾਬਾਦ ਦੇ ਨਿੱਜੀ ਸਕੂਲ ਵਿਚ ਪੜ੍ਹਦਾ ਸੀ। ਵੈਨ ਚਾਲਕ ਉਸ ਨੂੰ ਸਕੂਲ ਤੋਂ ਘਰ ਛੱਡਣ ਲਈ ਜਾ ਰਿਹਾ ਸੀ। ਰਾਹ ਵਿਚ ਉਸ ਨੇ ਬੱਚਿਆਂ ਨੂੰ ਉਤਾਰਿਆ ਤੇ ਵੈਨ ਡਰਾਈਵਰ ਨੇ ਵੈਨ ਦਾ ਦਰਵਾਜ਼ਾ ਸਹੀ ਤਰ੍ਹਾਂ ਬੰਦ ਨਹੀਂ ਕੀਤਾ। ਰਸਤੇ ਵਿੱਚ ਵੈਨ ਦਾ ਦਰਵਾਜ਼ਾ ਅਚਾਨਕ ਖੁੱਲ੍ਹ ਗਿਆ ਤੇ ਉਨ੍ਹਾਂ ਦਾ ਬੱਚਾ ਬਾਹਰ ਡਿੱਗ ਗਿਆ। ਵੈਨ ਦਾ ਟਾਇਰ ਉਸ ਦੇ ਉੱਪਰੋਂ ਗੁਜ਼ਰ ਗਿਆ। ਬੱਚੇ ਨੂੰ ਤੁਰੰਤ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਵੈਨ ਚਾਲਕ ਫ਼ਰਾਰ ਹੈ। 

ਮੌਕੇ 'ਤੇ ਮੌਜੂਦ ਪੁਲਿਸ ਅਧਿਕਾਰੀ ਸਤਪਾਲ ਸਿੰਘ ਨੇ ਦੱਸਿਆ ਕਿ ਤਾਣੇ ਵਿਚ ਸੂਚਨਾ ਦਿੱਤੀ ਗਈ ਸੀ ਕਿ ਸਕੂਲ ਵੈਨ ਤੋਂ ਡਿੱਗਣ ਨਾਲ ਪ੍ਰਭਜੋਤ ਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ, ਇਸ ਮਾਮਲੇ ਵਿਚ ਕਾਰਵਾਈ ਕਰਨ ਲਈ ਉਹ ਮੌਕੇ 'ਤੇ ਪਹੁੰਚੇ ਹਨ। 

ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।