ਪੰਜਾਬ ਨੂੰ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣ ਦੀ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕੀਤੀ ਸਖਤ ਨਿਖੇਧੀ
ਕਿਹਾ : ਪਰਾਲੀ ਸਾੜਨ ਦੇ ਪੁਰਾਣੇ ਵੀਡੀਓ ਸ਼ੇਅਰ ਕਰਨ ਵਾਲਿਆਂ ਖ਼ਿਲਾਫ ਕੇਸ ਕੀਤਾ ਜਾਵੇ ਦਰਜ
ਚੰਡੀਗੜ੍ਹ : ਦੀਵਾਲੀ ਤੋਂ ਬਾਅਦ ਦਿੱਲੀ ਵਿਚ ਪ੍ਰਦੂਸ਼ਣ ’ਚ ਬਹੁਤ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਸਭ ਦੇ ਦਰਮਿਆਨ ਪੰਜਾਬ ’ਚ ਪਰਾਲੀ ਸਾੜਨ ਕਾਰਨ ਦਿੱਲੀ ਵਿਚ ਪ੍ਰਦੂਸ਼ਣ ਵਧਣ ’ਤੇ ਸਿਆਸੀ ਬਹਿਸ ਤੇਜ਼ ਹੋ ਗਈ। ਦਿੱਲੀ ’ਚ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਦੱਸੇ ਜਾਣ ਦਾ ਦੋਸ਼ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਭਾਜਪਾ ਦੇ ਆਈਟੀ ਸੈਲ ’ਤੇ ਲਾਇਆ ਹੈ ਅਤੇ ਇਸ ਦੀ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਸ਼ੋਸ਼ਲ ਮੀਡੀਆ ਮੰਚ ‘ਐਕਸ’ ’ਤੇ ਆਪਣੀ ਇਕ ਪੋਸਟ ਵਿਚ ਕਿਹਾ ਕਿ ਪੰਜਾਬ ਨੂੰ ਦਿੱਲੀ ’ਚ ਵਧ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਉਨ੍ਹਾਂ ਕਿਹਾ, ‘‘ਹਰ ਸਾਲ ਦੀ ਤਰ੍ਹਾਂ ਭਾਜਪਾ ਦਾ ਆਈ.ਟੀ. ਸੈਲ ਵੀ ਇਕ ਵਾਰ ਫਿਰ ਦਿੱਲੀ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਦੋਸ਼ੀ ਠਹਿਰਾਉਂਦੇ ਹੋਏ ਝੂਠ ਫੈਲਾਅ ਰਿਹਾ ਹੈ। ਪਹਿਲਾਂ ਆਮ ਆਦਮੀ ਪਾਰਟੀ ਦਾ ਆਈ.ਟੀ. ਸੈੱਲ ਵੀ ਇਸੇ ਤਰ੍ਹਾਂ ਝੂਠ ਫੈਲਾਉਂਦਾ ਹੁੰਦਾ ਸੀ ਜਦੋਂ ਉਨ੍ਹਾਂ ਦੀ ਦਿੱਲੀ ’ਚ ਸਰਕਾਰ ਹੁੰਦੀ ਸੀ।’’
ਪਰਗਟ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ.ਜੀ.ਪੀ. ਨੂੰ ਇਹ ਮੰਗ ਕੀਤੀ ਕਿ ਉਹ ਪਰਾਲੀ ਸਾੜਨ ਦੇ ਪੁਰਾਣੇ ਵੀਡੀਓ ਸਾਂਝੇ ਕਰ ਕੇ ਪੰਜਾਬ ਦੇ ਕਿਸਾਨਾਂ ਖਿਲਾਫ ਨਫਰਤ ਫੈਲਾਉਣ ਵਿਰੁੱਧ ਕੇਸ ਦਰਜ ਕਰਨ।
ਜ਼ਿਕਰਯੋਗ ਹੈ ਕਿ ਇਹ ਵਿਵਾਦ ਆਮ ਆਦਮੀ ਪਾਰਟੀ ਦੇ ਆਗੂ ਸੌਰਵ ਭਾਰਦਵਾਜ ਦੀ ਇਕ ਪੋਸਟ ਤੋਂ ਬਾਅਦ ਸ਼ੁਰੂ ਹੋਇਆ। ਭਾਰਦਵਾਜ ਨੇ ਬੀਤੇ ਦਿਨੀ ਸ਼ੋਸ਼ਲ ਮੀਡੀਆ ਮੰਚ ‘ਐਕਸ’ ’ਤੇ ਤੰਜ ਕਸਦੇ ਹੋਏ ਕਿਹਾ ਸੀ ਕਿ ਪੰਜਾਬ ਦਾ ਏਅਰ ਕੁਆਲਿਟੀ ਇੰਡੈਕਸ 156 ਹੈ ਜਦਕਿ ਦਿੱਲੀ ਦੀ ਹਵਾ ਲਗਾਤਾਰ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਪੰਜਾਬ ’ਚ ਪਰਾਲੀ ਸਾੜਨ ਨਾਲ ਦਿੱਲੀ ਦੀ ਹਵਾ ਖਰਾਬ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਖਰਾਬ ਹਵਾ ਦੇ ਮਾਮਲੇ ’ਚ ਕੋਲਕਾਤਾ ਅਤੇ ਮੁੰਬਈ ਵੀ ਚੋਟੀ ਦੇ ਪੰਜ ਸ਼ਹਿਰਾਂ ’ਚ ਸ਼ਾਮਲ ਹਨ, ਉਥੇ ਤਾਂ ਪੰਜਾਬ ’ਚ ਸਾੜੀ ਜਾਂਦੀ ਪਰਾਲੀ ਦਾ ਧੂੰਆਂ ਨਹੀਂ ਜਾਂਦਾ।