ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਦੇ ਪੁੱਤਰ ਅਕੀਲ ਅਖਤਰ ਦੀ ਪੋਸਟ ਮਾਰਟਮ ਰਿਪੋਰਟ ਆਈ ਸਾਹਮਣੇ
ਸੱਜੀ ਕੂਹਣੀ ’ਤੇ ਮਿਲਿਆ ਸਰਿੰਜ ਦਾ ਨਿਸ਼ਾਨ, ਨਸ਼ੀਲੇ ਪਦਾਰਥਾਂ ਦੀ ਵਰਤੋਂ ਦਾ ਨਹੀਂ ਮਿਲਿਆ ਕੋਈ ਸਬੂਤ
ਚੰਡੀਗੜ੍ਹ : ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਪੋਸਟਮਾਰਟਮ ਰਿਪੋਰਟ ਵਿੱਚ ਇੱਕ ਅਹਿਮ ਖੁਲਾਸਾ ਹੋਇਆ ਹੈ। ਅਕੀਲ ਦੇ ਸਰੀਰ ’ਤੇ ਸੱਜੀ ਕੂਹਣੀ ਤੋਂ 7 ਸੈਂਟੀਮੀਟਰ ਇਕ ਸਰਿੰਜ ਦਾ ਨਿਸ਼ਾਨ ਮਿਲਿਆ ਹੈ।
ਅਕੀਲ ਅਖਤਰ ਦੇ ਨਸ਼ੇ ਦਾ ਆਦੀ ਹੋਣ ਦੀ ਗੱਲ ਤਾਂ ਸਾਹਮਣੇ ਆਈ ਹੈ ਪਰ ਇੰਜੈਕਸ਼ਨ ਨਾਲ ਨਸ਼ਾ ਵਰਗੀਆਂ ਚੀਜ਼ਾਂ ਹਾਲੇ ਤੱਕ ਸਾਹਮਣੇ ਨਹੀਂ ਆਈਆਂ। ਇੰਜੈਕਸ਼ਨ ਦਾ ਕੇਵਲ ਇਕ ਨਿਸ਼ਾਨ ਵੀ ਸ਼ੱਕ ਨੂੰ ਹੋਰ ਡੂੰਘਾ ਕਰ ਰਿਹਾ ਹੈ, ਕਿਉਂਕਿ ਜੇਕਰ ਅਕੀਲ ਅਖਤਰ ਇੰਜੈਕਸ਼ਨ ਨਾਲ ਨਸ਼ਾ ਲੈਣ ਦਾ ਆਦੀ ਹੁੰਦਾ ਤਾਂ ਉਸ ਦੇ ਹੱਥ ’ਤੇ ਕਈ ਨਿਸ਼ਾਨ ਹੁੰਦੇ।
ਜੇਕਰ ਮੈਡੀਕਲ ਮਾਹਿਰਾਂ ਦੀ ਮੰਨੀ ਜਾਵੇ ਤਾਂ ਨਸ਼ਾ ਕਰਨ ਦਾ ਆਦੀ ਵਿਅਕਤੀ ਸ਼ੁਰੂਆਤ ’ਚ ਇੰਜੈਕਸ਼ਨ ਖੁਦ ਨੂੰ ਖੱਬੇ ਹੱਥ ’ਤੇ ਹੀ ਲਗਾਉਂਦਾ ਹੈ ਕਿਉਂਕਿ ਇਹ ਸੌਖਾ ਹੁੰਦਾ ਹੈ। ਜਦੋਂ ਖੱਬੇ ਹੱਥ ’ਤੇ ਵਾਰ-ਵਾਰ ਇੰਜੈਕਸ਼ਨ ਲੱਗਣ ਦੇ ਨਿਸ਼ਾਨ ਬਣ ਜਾਂਦੇ ਹਨ। ਇਸ ਤੋਂ ਬਾਅਦ ਉਹ ਸੱਜੇ ਹੱਥ ’ਤੇ ਇੰਜੈਕਸ਼ਨ ਲਗਾਉਣਾ ਸ਼ੁਰੂ ਕਰਦਾ ਹੈ। ਪਰ ਅਕੀਲ ਅਖਤਰ ਇਸ ਦਾ ਆਦੀ ਨਹੀਂ ਹੋਵੇਗਾ ਇਸ ਦੇ ਲਈ ਉਸ ਦੇ ਹੱਥ ’ਤੇ ਸਿਰਫ਼ ਇਕ ਹੀ ਨਿਸ਼ਾਨ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਅਕੀਲ ਅਖਤਰ ਦੀ ਲੰਘੀ 16 ਅਕਤੂਬਰ ਨੂੰ ਪੰਚਕੂਲਾ ਦੇ ਸੈਕਟਰ 4 ਸਥਿਤ ਘਰ ’ਚ ਮੌਤ ਹੋ ਗਈ ਸੀ। ਪਰਿਵਾਰ ਉਸ ਨੂੰ ਪੰਚਕੂਲਾ ਦੇ ਸੈਕਟਰ 6 ਦੇ ਹਸਪਤਾਲ ਲੈ ਕੇ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰ ਨੇ ਦੱਸਿਆ ਕਿ ਅਕੀਲ ਘਰ ’ਤੇ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ ਅਤੇ ਸ਼ਾਇਦ ਦਵਾਈਆਂ ਦੀ ਓਵਰਡੋਜ਼ ਕਾਰਨ ਉਸ ਦੀ ਹਾਲਤ ਵਿਗੜੀ ਸੀ। ਅਕੀਲ ਨੂੰ ਉਤਰ ਪ੍ਰਦੇਸ਼ ’ਚ ਸਹਾਰਨਪੁਰ ਦੇ ਹਰੜਾ ਪਿੰਡ ’ਚ ਸਪੁਰ ਏ ਖਾਕ ਕਰ ਦਿੱਤਾ ਹੈ।
ਅਕੀਲ ਦੀ ਮੌਤ ਤੋਂ ਬਾਅਦ 17 ਅਕਤੂਬਰ ਨੂੰ ਪੰਜਾਬ ਦੇ ਮਾਲੇਰਕੋਟਲਾ ਨਿਵਾਸੀ ਸਮਸ਼ੂਦੀਨ ਨੇ ਪੰਚਕੂਲਾ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਸੀ। ਸਮਸ਼ੂਦੀਨ ਨੇ ਕਿਹਾ ਕਿ 27 ਅਗਸਤ ਨੂੰ ਅਕੀਲ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ’ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ’ਚ ਉਸ ਨੇ ਕਿਹਾ ਸੀ ਕਿ ਮੇਰੀ ਪਤਨੀ ਦੇ ਮੇਰੇ ਪਿਤਾ ਨਾਲ ਨਜਾਇਜ਼ ਸਬੰਧਾਂ ਦਾ ਪਤਾ ਚਲਿਆ ਹੈ। ਇਸ ਤੋਂ ਬਾਅਦ ਪਰਿਵਾਰ ਦੇ ਲੋਕ ਮੇਰੀ ਹੱਤਿਆ ਦੀ ਸਾਜ਼ਿਸ਼ ਰਚ ਰਹੇ ਹਨ। ਇਸ ਤੋਂ ਬਾਅਦ ਸਾਬਕਾ ਡੀਜੀਪੀ ਮੁਹੰਮਦ ਮੁਸਤਫ਼ਾ, ਸਾਬਕਾ ਵਿਧਾਇਕ ਰਜੀਆ ਸੁਲਤਾਨਾ, ਉਨ੍ਹਾਂ ਦੀ ਬੇਟੀ ਅਤੇ ਅਕੀਲ ਅਖਤਰ ਦੀ ਪਤਨੀ ਖਿਲਾਫ਼ ਐਫ.ਆਈ.ਆਰ. ਦਰਜ ਕੀਤੀ ਗਈ ਸੀ।