ਸਾਂਬਾ ਦੇ ਕੌਲਪੁਰ ਵਿਖੇ ਬੇਅਦਬੀ ਦੇ ਪਸ਼ਚਾਤਾਪ ਲਈ 26 ਅਕਤੂਬਰ ਨੂੰ ਆਰੰਭ ਹੋਵੇਗਾ ਸ੍ਰੀ ਅਖੰਡ ਪਾਠ ਸਾਹਿਬ: ਜਥੇਦਾਰ ਗੜਗੱਜ
28 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ
ਅੰਮ੍ਰਿਤਸਰ: ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਕੌਲਪੁਰ ਪਿੰਡ ਵਿਖੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅੰਦਰ ਬੀਤੇ ਦਿਨੀਂ ਕੀਤੀ ਗਈ ਬੇਅਦਬੀ ਅਤੇ ਪ੍ਰਬੰਧਾਂ ਵਿੱਚ ਅਣਗਹਿਲੀ ਦੇ ਪਸ਼ਚਾਤਾਪ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮਿਤੀ 26 ਤੋਂ 28 ਅਕਤੂਬਰ ਤੱਕ ਸ੍ਰੀ ਅਖੰਡ ਪਾਠ ਸਾਹਿਬ ਸਮਾਗਮ ਕਰਵਾਉਣ ਦਾ ਆਦੇਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ 28 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੌਲਪੁਰ ਪਿੰਡ ਦੇ ਸਬੰਧਤ ਗੁਰਦੁਆਰਾ ਸਾਹਿਬ ਵਿਖੇ ਸਥਾਨਕ ਸਿੱਖ, ਗੁਰੂ ਸਾਹਿਬ ਪ੍ਰਤੀ ਸ਼ਰਧਾ ਅਤੇ ਸਤਿਕਾਰ ਨਾਲ ਅਗਾਂਹ ਵਾਸਤੇ ਰੋਜ਼ਾਨਾ ਸੰਗਤ ਕਰ ਸਕਣਗੇ।
ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇੰਚਾਰਜ ਸ. ਬਗੀਚਾ ਸਿੰਘ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਸੁਰਜੀਤ ਸਿੰਘ ਤੁਗਲਵਾਲਾ, ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸਖਵਰਸ਼ ਸਿੰਘ ਪੰਨੂ ਅਤੇ ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਸ. ਹਰਭਿੰਦਰ ਸਿੰਘ ਅਧਾਰਤ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨੇ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਗੁਰੂ ਘਰ ਵਿਖੇ ਪ੍ਰਬੰਧ ਪੁਖਤਾ ਤੇ ਸੁਚੱਜੇ ਕਰਵਾ ਕੇ ਆਪਣੀ ਪੜਤਾਲੀਆ ਰਿਪੋਰਟ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਬੀਤੇ ਦਿਨ ਸਿੰਘ ਸਾਹਿਬ ਨੂੰ ਸੌਂਪ ਦਿੱਤੀ ਹੈ।
ਸ. ਬਗੀਚਾ ਸਿੰਘ ਨੇ ਕਿਹਾ ਕਿ ਪੁੱਜੀ ਰਿਪੋਰਟ ਦੇ ਅਧਾਰ ਉੱਤੇ ਜਥੇਦਾਰ ਗੜਗੱਜ ਨੇ ਬੇਅਦਬੀ ਦੇ ਪਸ਼ਚਾਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਸਮਾਗਮ ਕਰਵਾਉਣ ਦੇ ਆਦੇਸ਼ ਕੀਤਾ ਹੈ, ਜਿਸ ਅਨੁਸਾਰ ਮਿਤੀ 26 ਅਕਤੂਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਕੇ 28 ਅਕਤੂਬਰ ਨੂੰ ਭੋਗ ਪਾਏ ਜਾਣਗੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕੌਲਪੁਰ ਦੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬਣਾਈ ਗਈ ਕਮੇਟੀ ਅਤੇ ਸਥਾਨਕ ਸੰਗਤ ਦੀਆਂ ਸਿਫ਼ਾਰਸ਼ਾਂ ਤੇ ਭਾਵਨਾਵਾਂ ਅਨੁਸਾਰ ਅੰਮ੍ਰਿਤਧਾਰੀ ਸਿੱਖਾਂ ਦੀ 31-ਮੈਂਬਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤੈਅ ਕਰ ਦਿੱਤੀ ਗਈ ਹੈ ਜੋ ਗੁਰੂ ਸਾਹਿਬ ਜੀ ਦੀ ਭੈਅ ਭਾਵਨੀ ਵਿੱਚ ਰਹਿੰਦਿਆਂ ਸ਼ਰਧਾ ਭਾਵਨਾ ਨਾਲ ਸੇਵਾ ਕਰੇਗੀ।