ਕੈਪਟਨ ਰਾਜ 'ਚ ਆਰਬਿਟ ਦੇ ਕਾਰਿੰਦਿਆਂ ਵਿਰੁਧ ਪਹਿਲਾ ਪਰਚਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ ਦਸ ਸਾਲਾਂ ਤੋਂ ਪੰਜਾਬ ਦੀਆਂ ਸੜਕਾਂ 'ਤੇ ਚੱਲ ਰਹੀ ਬਾਦਲਾਂ ਦੀ ਸਰਪ੍ਰਸਤੀ ਵਾਲੀ ਆਰਬਿਟ ਬੱਸ ਦੇ ਕਾਰਿੰਦਿਆਂ ਵਿਰੁਧ ਪਹਿਲੀ ਵਾਰ ਬਠਿੰਡਾ ਪੁਲਿਸ ਨੇ ਪਰਚਾ ਦਰਜ....

Case File

ਬਠਿੰਡਾ : ਪਿਛਲੇ ਦਸ ਸਾਲਾਂ ਤੋਂ ਪੰਜਾਬ ਦੀਆਂ ਸੜਕਾਂ 'ਤੇ ਚੱਲ ਰਹੀ ਬਾਦਲਾਂ ਦੀ ਸਰਪ੍ਰਸਤੀ ਵਾਲੀ ਆਰਬਿਟ ਬੱਸ ਦੇ ਕਾਰਿੰਦਿਆਂ ਵਿਰੁਧ ਪਹਿਲੀ ਵਾਰ ਬਠਿੰਡਾ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਇਨ੍ਹਾਂ ਵਿਰੁਧ ਸਰਕਾਰੀ ਬੱਸ ਦੇ ਮੁਲਾਜ਼ਮਾਂ ਨਾਲ ਧੱਕਾ ਕਰਨ ਦਾ ਦੋਸ਼ ਹੈ। ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਜਾ ਵੜਿੰਗ ਵਲੋਂ ਗਿੱਦੜਬਾਹਾ ਤੋਂ ਝੰਡੀ ਦੇ ਕੇ ਰਵਾਨਾ ਕਰਨ ਦੇ ਅੱਧੇ ਘੰਟੇ ਬਾਅਦ ਹੀ ਪੰਜਾਬ ਰੋਡਵੇਜ਼ ਦੀ ਸਰਕਾਰੀ ਵਾਲਵੋ ਬੱਸ ਨੂੰ ਬਠਿੰਡਾ ਦੇ ਬੱਸ ਅੱਡੇ 'ਚ ਆਰਬਿਟ ਦੇ ਕਾਰਿੰਦਿਆਂ ਨੇ ਕਾਉਂਟਰ 'ਤੇ ਲੱਗਣ ਨਾ ਦਿਤਾ।

ਪੰਜਾਬ ਰੋਡਵੇਜ਼ /ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਅਤੇ ਕਾਂਗਰਸ ਸਰਕਾਰ ਦੇ ਕੁੱਝ ਵੱਡੇ ਆਗੂਆਂ ਦੁਆਰਾ ਲਏ ਸਖ਼ਤ ਸਟੈਂਡ ਕਾਰਨ ਬਠਿੰਡਾ ਦੀ ਕੋਤਵਾਲੀ ਪੁਲਿਸ ਨੇ ਕਲ ਦੇਰ ਰਾਤ ਨਾਮਲੂਮ ਕਰਮਚਾਰੀਆਂ ਵਿਰੁਧ ਕੇਸ ਦਰਜ ਕਰ ਲਿਆ। ਪਤਾ ਲੱਗਾ ਹੈ ਕਿ ਇਸ ਮਾਮਲੇ 'ਚ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਨੇ ਡਟ ਕੇ ਅਪਣੇ ਮੁਲਾਜ਼ਮਾਂ ਦਾ ਸਾਥ ਦਿਤਾ ਤੇ ਰਾਜਾ ਵੜਿੰਗ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਨਵੀਂ ਬੱਸ ਦਾ ਗਿੱਦੜਬਾਹਾ ਤੋਂ ਚੱਲਣ ਦਾ ਸਮਾਂ ਸਵੇਰੇ 3:55 ਵਜੇ ਦਾ ਹੈ ਜਿਸ ਤੋਂ ਬਾਅਦ ਇਹ ਬੱਸ 4:10 'ਤੇ ਮਲੋਟ ਅਤੇ 4:40 'ਤੇ ਬਠਿੰਡਾ ਦੇ ਬੱਸ ਸਟੈਂਡ ਵਿਚ ਪਹੁੰਚੀ ਸੀ।

ਟਾਈਮ ਟੇਬਲ ਮੁਤਾਬਕ ਇਸ ਸਰਕਾਰੀ ਬੱਸ ਦਾ ਬਠਿੰਡਾ ਦੇ ਬੱਸ ਅੱਡੇ ਤੋਂ ਚੱਲਣ ਦਾ ਸਮਾਂ 4:50 ਦਾ ਹੈ ਜਦਕਿ ਆਰਬਿਟ ਬੱਸ ਕੰਪਨੀ ਦੀ ਮਰਸੀਡੀਜ਼ ਬੱਸ ਇਥੋ ਪਿਛਲੇ ਕਈ ਸਾਲਾਂ ਤੋਂ 5:10 'ਤੇ ਚਲਦੀ ਆ ਰਹੀ ਹੈ। ਪੰਜਾਬ ਰੋਡਵੇਜ਼ ਦੇ ਕਰਮਚਾਰੀਆਂ ਮੁਤਾਬਕ ਜਦ ਉਨ੍ਹਾਂ ਦੀ ਬੱਸ 4:40 'ਤੇ ਕਾਉਂਟਰ ਉਪਰ ਲਾਈ ਜਾ ਰਹੀ ਸੀ ਤਾਂ ਆਰਬਿਟ ਦੇ ਤਿੰਨ-ਚਾਰ ਮੁਲਾਜ਼ਮਾਂ ਨੇ ਬੱਸ ਨੂੰ ਰੋਕ ਦਿੱਤਾ ਤੇ ਡਰਾਈਵਰ-ਕੰਡਕਟਰ ਨੂੰ ਧਮਕੀਆਂ ਦੇ ਕੇ ਬੱਸ ਵਿਚੋਂ ਸਵਾਰੀਆਂ ਵੀ ਉਤਾਰ ਲਈਆਂ। ਆਰਬਿਟ ਦੇ ਮੈਨੇਜਰ ਨੇ ਬੀਬੀਵਾਲਾ ਚੌਕ 'ਚ ਵੀ ਪਹੁੰਚ ਕੇ ਧਮਕੀਆਂ ਦਿਤੀਆਂ।