ਧੋਖੇ ਦਾ ਸ਼ਿਕਾਰ ਹੋਈ ਮਨੀਸ਼ਾ ਦੀ ਮਦਦ ਲਈ ਅੱਗੇ ਆਏ ਸੈਂਕੜੇ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਪੋਕਸਮੈਨ ਟੀਵੀ ਵੱਲੋਂ ਕੀਤੀ ਗਈ ਅਪੀਲ ਦਾ ਅਸਰ, ਸਰਬਸਾਂਝੀ ਸੇਵਾ ਸੁਸਾਇਟੀ ਦੇ ਆਗੂਆਂ ਨੇ ਕੀਤੀ ਮਦਦ

Manisha

ਪੰਜਾਬ- ਬੀਤੇ ਦਿਨੀਂ ਮਨੀਸ਼ਾ ਦੀਦੀ ਨਾਂਅ ਦੇ ਫੇਸਬੁੱਕ ਪੇਜ਼ ਤੋਂ ਲਾਈਵ ਹੋ ਕੇ ਅਪਣਾ ਦਰਦ ਸੁਣਾਉਣ ਵਾਲੀ ਲੜਕੀ ਮਨੀਸ਼ਾ ਨੇ ਮੌਤ ਨੂੰ  ਗਲੇ ਲਗਾਉਣ ਲਈ ਜ਼ਹਿਰੀਲੀ ਦਵਾ ਖਾ ਲਈ ਸੀ। ਜਿਸ ਨੂੰ ਸਰਬਸਾਂਝੀ ਸੇਵਾ ਸੁਸਾਇਟੀ ਦੇ ਮੈਂਬਰਾਂ ਅਤੇ ਹੋਰ ਲੋਕਾਂ ਨੇ ਬਚਾ ਲਿਆ। ਦਰਅਸਲ ਸਪੋਕਸਮੈਨ ਟੀਵੀ ਵੱਲੋਂ ਸਮਾਜ ਸੇਵੀ ਜਥੇਬੰਦੀਆਂ ਨੂੰ ਇਸ ਲੜਕੀ ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਸੀ, ਜਿਸ ਤੋਂ ਬਾਅਦ ਸੈਂਕੜੇ ਲੋਕ ਇਸ ਲੜਕੀ ਦੀ ਮਦਦ ਲਈ ਅੱਗੇ ਆ ਗਏ।

ਸਰਬਸਾਂਝੀ ਸੇਵਾ ਸੁਸਾਇਟੀ ਦੇ ਸੇਵਾਦਾਰਾਂ ਨੇ ਜਿਵੇਂ ਹੀ ਸਪੋਕਸਮੈਨ ਟੀਵੀ 'ਤੇ ਇਸ ਲੜਕੀ ਦੀ ਵੀਡੀਓ ਦੇਖੀ ਤਾਂ ਉਸ ਨੇ ਤੁਰੰਤ ਲੜਕੀ ਦੇ ਅਡਰੈੱਸ ਦਾ ਪਤਾ ਕਰਕੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ, ਜਿਸ ਕਰਕੇ ਉਸ ਦੀ ਜਾਨ ਬਚ ਗਈ ਅਤੇ ਉਹ ਹਸਪਤਾਲ ਵਿਚ ਜੇਰੇ ਇਲਾਜ ਹੈ। ਇਸ ਸਬੰਧੀ ਸੇਵਾਦਾਰ ਸਰਬਸਾਂਝੀ ਸੇਵਾ ਸੁਸਾਇਟੀ ਦੇ ਆਗੂ ਰਘਬੀਰ ਸਿੰਘ ਰਾਜੂ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਪੀੜਤਾਂ ਦੀ ਮੈਡੀਕਲ ਆਦਿ ਸੇਵਾਵਾਂ ਵਿਚ ਮਦਦ ਕੀਤੀ ਜਾਂਦੀ ਹੈ।

ਉਧਰ ਪੀੜਤ ਲੜਕੀ ਮਨੀਸ਼ਾ ਦਾ ਕਹਿਣਾ ਹੈ ਕਿ ਉਸ ਨੂੰ ਉਸ ਦੇ ਪ੍ਰੇਮੀ ਅਮਨਦੀਪ ਦੇ ਵੱਡੇ ਭਰਾ ਸੁਖਦੇਵ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਉਸ ਨੇ ਮੇਰੇ ਵੱਲੋਂ ਦਿੱਤੇ ਗਏ ਸਬੂਤਾਂ ਦੇ ਬਾਵਜੂਦ ਮੁਲਜ਼ਮਾਂ 'ਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਦਰਅਸਲ ਬਟਾਲਾ ਦੇ ਆਲੀਵਾਲ ਰੋਡ ਨਿਵਾਸੀ ਮਨੀਸ਼ਾ ਨੂੰ ਅਮਨਦੀਪ ਸਿੰਘ ਨਿਵਾਸੀ ਝਬਾਲ ਜ਼ਿਲ੍ਹਾ ਤਰਨਤਾਰਨ ਨਾਂ ਦੇ ਇਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਪਿਆਰ ਦੇ ਜਾਲ ਵਿਚ ਫਸਾ ਲਿਆ ਤੇ ਵਾਰ-ਵਾਰ  ਉਸ ਨਾਲ ਸਰੀਰਕ ਸੰਬੰਧ ਵੀ ਬਣਾਉਂਦਾ ਰਿਹਾ

ਪਰ ਜਦੋਂ ਇਸ ਲੜਕੀ ਨੇ ਉਸ ਨੂੰ ਵਿਆਹ ਕਰਵਾਉਣ ਲਈ ਆਖਿਆ ਤਾਂ ਅਮਨਦੀਪ ਸਿੰਘ ਨੇ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਮਨੀਸ਼ਾ ਵੱਲੋਂ ਕਰੀਬ ਤਿੰਨ ਚਾਰ ਮਹੀਨੇ ਪਹਿਲਾਂ ਇਸ ਨੂੰ ਲੈ ਕੇ ਪੁਲਿਸ ਅੱਗੇ ਵੀ ਫਰਿਆਦ ਕੀਤੀ ਗਈ ਸੀ ਕਿ ਮੈਨੂੰ ਇਨਸਾਫ਼ ਦੁਆਇਆ ਜਾਵੇ ਪਰ ਪੁਲਿਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਹੁਣ ਜਦੋਂ ਮਨੀਸ਼ਾ ਦੀ ਮਦਦ ਲਈ ਕਈ ਸਮਾਜ ਸੇਵੀ ਜਥੇਬੰਦੀਆਂ ਅੱਗੇ ਆਈਆਂ ਨੇ ਤਾਂ ਦੇਖਣਾ ਹੋਵੇਗਾ ਇਸ ਪੀੜਤ ਲੜਕੀ ਨੂੰ ਕਦੋਂ ਇਨਸਾਫ਼ ਮਿਲੇਗਾ।