'ਕੈਪਟਨ ਸਰਕਾਰ ਦੀਆਂ ਸਿਖਿਆ ਵਿਰੋਧੀ ਨੀਤੀਆਂ ਕਾਰਨ ਪੰਜਾਬੀ ਯੂਨੀਵਰਸਿਟੀ ਉੱਤੇ ਆਰਥਿਕ ਮੰਦਵਾੜਾ ਛਾਇਆ'
-ਪੰਜਾਬੀ ਯੂਨੀਵਰਸਿਟੀ ਸਿਰਫ ਵਿੱਦਿਅਕ ਅਦਾਰਾ ਨਾ ਹੋ ਕੇ ਪੰਜਾਬ ਦੀ ਵਿਸ਼ਵ ਵਿਚ ਪਛਾਣ- ਪ੍ਰੋ. ਬਲਜਿੰਦਰ ਕੌਰ
ਚੰਡੀਗੜ: ਪੰਜਾਬ ਸਕਰਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਕਾਰਨ ਆਰਥਿਕ ਮੰਦੀ ਵਿਚੋਂ ਨਿਕਲ ਰਹੀਆਂ ਪੰਜਾਬ ਦੀਆਂ ਯੂਨੀਵਰਸਿਟੀਆਂ ਬਹੁਤ ਚਿੰਤਾ ਦਾ ਵਿਸ਼ਾ ਹੈ। ਇਸ ਯੂਨੀਵਰਸਿਟੀਆਂ ਵਿਚੋਂ ਹੀ ਪੰਜਾਬ ਦੇ ਨੌਜਵਾਨ ਨੇ ਉਚ ਵਿਦਿਆ ਪ੍ਰਾਪਤ ਕਰਕੇ ਸੂਬੇ ਨੂੰ ਸਹੀ ਸੇਧ ਦੇਣੀ ਹੈ, ਇਥੋਂ ਹੀ ਬੁੱਧੀਜੀਵੀ, ਵਿਗਿਆਨੀ ਪੈਦਾ ਹੋਣੇ ਹਨ। ਜਿਨਾਂ ਨੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਣਾ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹੈਡਕੁਆਟਰ ਤੋਂ ਜਾਰੀ ਇਕ ਬਿਆਨ ਵਿਚ ਵਿਧਾਨ ਸਭਾ ਵਿਚ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ ਨੇ ਕੀਤਾ।
ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਵੱਲੋਂ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆ ਕੇ ਦਿੱਤਾ ਗਿਆ ਅਸਤੀਫਾ ਇਹ ਸਿੱਧ ਕਰਦਾ ਹੈ ਕਿ ਕੈਪਟਨ ਸਰਕਾਰ ਵਿਦਿਅਕ ਅਦਾਰਿਆਂ ਵੱਲ ਕੋਈ ਧਿਆਨ ਨਹੀਂ ਦੇ ਰਹੀ। ਉਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਨੀਆ ਦੀਆਂ ਉਨਾਂ ਦੋ ਯੂਨੀਵਰਸਿਟੀਆਂ ਵਿਚੋਂ ਇਕ ਯੂਨੀਵਰਸਿਟੀ ਹੈ ਜੋ ਕਿਸੇ ਭਾਸ਼ਾ ਦੇ ਆਧਾਰ ਉਤੇ ਸਥਾਪਤ ਹੈ।
ਉਨਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੇ ਸਾਡੀ ਗੁਰੂਆਂ ਦੀ ਭਾਸ਼ਾ ਪੰਜਾਬੀ ਬੋਲੀ ਲਈ ਬਹੁਤ ਸ਼ਲਾਘਾਯੋਗ ਕੰਮ ਕੀਤਾ ਅਤੇ ਹੁਣ ਤਕਨੀਕੀ ਯੁੱਗ ਵਿਚ ਵੀ ਪੰਜਾਬੀ ਭਾਸ਼ਾ ਉਤੇ ਅਹਿਮ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਇਹ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲੇ ਅਤੇ ਜਿੱਥੋਂ ਉਨਾਂ ਦੀ ਪਤਨੀ ਪ੍ਰਨੀਤ ਕੌਰ ਐਮਪੀ ਹੋਵੇ ਉਥੇ ਸਾਡੀ ਪੰਜਾਬੀਆਂ ਲਈ ਆਨਸ਼ਾਨ ਬਣੀ ਪੰਜਾਬੀ ਯੂਨੀਵਰਸਿਟੀ ਵੱਲ ਧਿਆਨ ਨਾ ਦਿੱਤਾ ਜਾ ਰਿਹਾ।
ਉਨਾਂ ਕਿਹਾ ਕਿ ਪੰਜਾਬ ਦੀ ਸੱਤਾ ਉਤੇ ਕਬਜ਼ ਰਹੀਆਂ ਪਹਿਲਾਂ ਅਕਾਲੀਆਂ ਅਤੇ ਹੁਣ ਕਾਂਗਰਸੀਆਂ ਨੂੰ ਇਹ ਡਰ ਸਤਾ ਰਿਹਾ ਹੈ ਕਿ ਜੇਕਰ ਇਹ ਯੂਨੀਵਰਸਿਟੀ ਸਹੀ ਦਿਸ਼ਾ ਵੱਲ ਕੰਮ ਕਰਦੀਆਂ ਰਹੀਆਂ ਤਾਂ ਇਥੋਂ ਪੜੇ ਲਿਖੇ ਨੌਜਵਾਨ ਜਾਗਰੂਕ ਹੋਣਗੇ ਅਤੇ ਸਾਡੇ ਤੋਂ ਪਿਛਲੇ ਸਮੇਂ ਪੰਜਾਬ ਦੀ ਕੀਤੀ ਬਰਬਾਦੀ ਦਾ ਹਿਸਾਬ ਮੰਗਣਗੇ। ਇਸ ਲਈ ਇਨਾਂ ਸੱਤਾ ਦਾ ਆਨੰਦ ਮਾਣਨ ਵਾਲੇ ਮੁੱਖ ਮੰਤਰੀਆਂ ਦੀਆਂ ਗਲਤ ਨੀਤੀਆਂ ਨੇ ਅਦਾਰਿਆਂ ਨੂੰ ਡਬੋਣ ਦਾ ਕੰਮ ਕੀਤਾ ਹੈ।
ਆਗੂਆਂ ਨੇ ਪੰਜਾਬ ਦੇ ਰਾਜਪਾਲ ਅਤੇ ਪੰਜਾਬੀ ਯੂਨੀਵਰਸਿਟੀ ਦੇ ਚਾਂਸਲਰ ਤੋਂ ਮੰਗ ਕੀਤੀ ਕਿ ਯੂਨੀਵਰਸਿਟੀ ਉੱਤੇ ਛਾ ਰਹੇ ਆਰਥਿਕ ਮੰਦਵਾੜੇ ਨੂੰ ਹੱਲ ਕਰਾਉਣ ਲਈ ਵਿਸ਼ੇਸ਼ ਧਿਆਨ ਦੇਣ। ਉਨਾਂ ਇਹ ਵੀ ਕਿਹਾ ਕਿ ਪੰਜਾਬ ਦੇ ਰਾਜਪਾਲ ਪੰਜਾਬ ਸਰਕਾਰ ਦੇ ਮੁੱਖੀ ਵੀ ਹਨ ਅਤੇ ਯੂਨੀਵਰਸਿਟੀ ਦਾ ਚਾਂਸਲਰ ਵਿਚ ਹਨ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿਦਿਅਕ ਅਦਾਰਿਆਂ ਨੂੰ ਸਰਕਾਰ ਦੇ ਖਤਮ ਕਰਨ ਦੀਆਂ ਨੀਤੀਆਂ ਨੂੰ ਸਫਲ ਨਹੀਂ ਹੋਣ ਦੇਣਗੇ। ਉਨਾਂ ਕਿਹਾ ਕਿ ਇਨਾਂ ਅਦਾਰਿਆਂ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਹਰ ਪੱਧਰ ਉਤੇ ਲੜਾਈ ਲੜਨਗੇ।