ਜਲੰਧਰ ਹਸਪਤਾਲ ਦੀ ਵੱਡੀ ਲਾਪਰਵਾਹੀ , ਕੋਰੋਨਾ ਨਾਲ ਮਰਨ ਵਾਲਿਆਂ ਦੀਆਂ ਮ੍ਰਿਤਕ ਦੇਹਾਂ ਬਦਲੀਆਂ

ਏਜੰਸੀ

ਖ਼ਬਰਾਂ, ਪੰਜਾਬ

ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ - ਪੁਲਿਸ

Shrimann Superspeciality Hospital Jalandhar

ਜਲੰਧਰ - ਪਠਾਨਕੋਟ ਰੋਡ 'ਤੇ ਸਥਿਤ ਸ਼੍ਰੀਮਨ ਹਸਪਤਾਲ ਦੀ ਇਕ ਵੱਡੀ ਲਾਪਰਵਾਹੀ ਦੇਕਣ ਨੂੰ ਮਿਲੀ ਹੈ, ਦਰਅਸਲ ਕੋਰੋਨਾ ਦੇ 2 ਮਰੀਜ਼ਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਬਦਲ ਗਈਆਂ। ਇਹੀ ਨਹੀਂ, ਇਕ ਪਰਿਵਾਰ ਨੇ ਤਾਂ ਦੂਜੇ ਮ੍ਰਿਤਕ ਦੀ ਦੇਹ ਲਿਜਾ ਕੇ ਅੰਤਿਮ ਸੰਸਕਾਰ ਵੀ ਕਰ ਦਿੱਤਾ। ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਪਰਿਵਾਰ ਵੱਲੋਂ ਮ੍ਰਿਤਕ ਦੀ ਸ਼ਨਾਖਤ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਜਿਹੜੀ ਮ੍ਰਿਤਕ ਦੇਹ ਵਿਖਾਈ ਜਾ ਰਹੀ ਸੀ, ਉਹ ਉਨ੍ਹਾਂ ਦੇ ਮਰੀਜ਼ ਦੀ ਨਾ ਹੋ ਕੇ ਕਿਸੇ ਹੋਰ ਦੀ ਸੀ। ਇਸ 'ਤੇ ਹਸਪਤਾਲ 'ਚ ਹੰਗਾਮਾ ਸ਼ੁਰੂ ਹੋ ਗਿਆ ਅਤੇ ਮਾਮਲਾ ਪੁਲਿਸ ਤੱਕ ਪਹੁੰਚ ਗਿਆ।

ਸੂਚਨਾ ਮਿਲਣ 'ਤੇ ਡੀ. ਸੀ. ਪੀ. ਬਲਕਾਰ ਸਿੰਘ ਅਤੇ ਏ. ਸੀ. ਪੀ. ਨਾਰਥ ਸੁਖਜਿੰਦਰ ਸਿੰਘ ਅਤੇ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਕਮਲਜੀਤ ਸਿੰਘ ਪੁਲਿਸ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਹਸਪਤਾਲ ਖ਼ਿਲਾਫ਼ ਕੇਸ ਦਰਜ ਕਰ ਲਿਆ।

ਮਾਡਲ ਹਾਊਸ ਦੇ ਰਹਿਣ ਵਾਲੇ ਵਿਜੇ ਸਾਗਰ ਨੇ ਦੱਸਿਆ ਕਿ ਉਸ ਦੇ ਤਾਏ ਤਰਸੇਮ ਲਾਲ ਪੁੱਤਰ ਜਗਤ ਰਾਮ ਨੂੰ ਕੁਝ ਦਿਨ ਪਹਿਲਾਂ ਬੀਮਾਰ ਹੋਣ 'ਤੇ ਗੁਲਾਬ ਦੇਵੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। 20 ਨਵੰਬਰ ਨੂੰ ਉਨ੍ਹਾਂ ਦੀ ਹਾਲਤ ਗੰਭੀਰ ਹੋਣ 'ਤੇ ਸ਼੍ਰੀਮਨ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ। ਸ਼ਨੀਵਾਰ ਸਵੇਰੇ ਕਰੀਬ 10 ਵਜੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਤਰਸੇਮ ਲਾਲ ਦੀ ਮੌਤ ਹੋ ਗਈ ਹੈ। ਇਸ 'ਤੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚੇ ਅਤੇ ਤਰਸੇਮ ਲਾਲ ਦੀ ਪਤਨੀ ਗੁਰਮੇਲ ਕੌਰ ਨੇ ਆਪਣੇ ਪਤੀ ਦਾ ਚਿਹਰਾ ਵੇਖਣ ਦੀ ਮੰਗ ਕੀਤੀ।

ਦੁਪਹਿਰ 3 ਵਜੇ ਦੇ ਲਗਭਗ ਜਦੋਂ ਉਨ੍ਹਾਂ ਨੂੰ ਤਰਸੇਮ ਲਾਲ ਦਾ ਚਿਹਰਾ ਵਿਖਾਇਆ ਗਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਕਿਉਂਕਿ ਜਿਹੜੀ ਮ੍ਰਿਤਕ ਦੇਹ ਉਨ੍ਹਾਂ ਨੂੰ ਦਿਖਾਈ ਗਈ ਸੀ, ਉਹ ਤਰਸੇਮ ਲਾਲ ਦੀ ਨਾ ਹੋ ਕੇ ਕਿਸੇ ਹੋਰ ਦੀ ਸੀ। ਜਦੋਂ ਉਨ੍ਹਾਂ ਮ੍ਰਿਤਕ ਦੀ ਸ਼ਨਾਖਤ ਤੋਂ ਇਨਕਾਰ ਕਰ ਦਿੱਤਾ ਤਾਂ ਕਾਫ਼ੀ ਦੇਰ ਤੱਕ ਹਸਪਤਾਲ ਦੇ ਸਟਾਫ਼ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਦੇਰ ਸ਼ਾਮ ਉਨ੍ਹਾਂ ਨੂੰ ਦੱਸਿਆ ਗਿਆ ਕਿ ਤਰਸੇਮ ਲਾਲ ਦੀ ਮ੍ਰਿਤਕ ਦੇਹ ਨੂੰ ਫਗਵਾੜਾ ਦਾ ਪਰਿਵਾਰ ਲੈ ਗਿਆ ਸੀ ਅਤੇ ਉਸ ਦਾ ਫਗਵਾੜਾ 'ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।

ਇਸ 'ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਮ੍ਰਿਤਕ ਤਰਸੇਮ ਲਾਲ ਦੇ ਪੁੱਤਰ ਮੋਹਨ ਲਾਲ ਵਾਸੀ 37/12 ਮਾਡਲ ਹਾਊਸ ਜਲੰਧਰ ਨੇ ਦਿੱਤੀ ਸ਼ਿਕਾਇਤ ਵਿਚ ਹਸਪਤਾਲ ਦੀ ਮੈਨੇਜਮੈਂਟ 'ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਹਸਪਤਾਲ ਦਾ ਲਾਇਸੈਂਸ ਰੱਦ ਕਰਨ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਤਰਸੇਮ ਲਾਲ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਮ੍ਰਿਤਕ ਦੇਹ ਬਦਲ ਜਾਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸ਼ਹਿਰ ਦੇ ਲੋਕਾਂ ਨੂੰ ਲੈ ਕੇ ਹਸਪਤਾਲ ਦੀ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

ਮ੍ਰਿਤਕ ਦੇ ਪੁੱਤਰ ਮੋਹਨ ਲਾਲ ਅਤੇ ਭਤੀਜੇ ਵਿਜੇ ਸਾਗਰ ਨੇ ਹਸਪਤਾਲ ਦੀ ਮੈਨੇਜਮੈਂਟ 'ਤੇ ਲਾਪਰਵਾਹੀ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇਕ ਤਾਂ ਉਨ੍ਹਾਂ ਕੋਲੋਂ ਲੱਖ ਰੁਪਏ ਤੋਂ ਵੱਧ ਪੈਸੇ ਲੈ ਲਏ ਗਏ ਅਤੇ ਦੂਜੇ ਪਾਸੇ ਲਾਪ੍ਰਵਾਹੀ ਵਰਤਦਿਆਂ ਮ੍ਰਿਤਕ ਦੇਹ ਕਿਸੇ ਹੋਰ ਨੂੰ ਸੌਂਪ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਹਸਪਤਾਲ ਦੀ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਨਾ ਕੀਤਾ ਤਾਂ ਉਹ ਭਲਕੇ ਹਾਈਵੇਅ ਜਾਮ ਕਰਨਗੇ।

ਹਸਪਤਾਲ ਦੀ ਮੈਨੇਜਮੈਂਟ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਜਦੋਂ ਫਗਵਾੜਾ ਦੇ ਰਹਿਣ ਵਾਲੇ ਜਸਪਾਲ ਸਿੰਘ ਦੀ ਮ੍ਰਿਤਕ ਦੇਹ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਗਈ ਤਾਂ ਉਸ ਦੀ ਬਕਾਇਦਾ ਸ਼ਨਾਖਤ ਕਰਵਾਈ ਗਈ ਸੀ। ਸ਼ਨਾਖਤ ਸਮੇਂ ਬਕਾਇਦਾ ਫੋਟੋ ਵੀ ਖਿੱਚੀ ਗਈ ਸੀ। ਮ੍ਰਿਤਕ ਤਰਸੇਮ ਲਾਲ ਦੇ ਪੁੱਤਰ ਮੋਹਨ ਲਾਲ ਦੀ ਸ਼ਿਕਾਇਤ ਸਾਨੂੰ ਮਿਲ ਗਈ ਹੈ। ਪੁਲਿਸ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।