ਹਰਿਆਣਾ ਤੋਂ ਯੂਰੀਆ ਲਿਆ ਰਹੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਮਿਲੀ ਜਮਾਨਤ 

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਹਰਿਆਣਾ ਦੇ ਜੀਂਦ ਵਿਚ ਕਿਸਾਨਾਂ ਨੂੰ 4 ਟਰਾਲੀਆਂ ਵਿਚ ਲੱਦੇ 840 ਬੋਰੀਆਂ ਯੂਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

Arrested farmers bringing urea from Haryana granted bail

ਚੰਡੀਗੜ੍ਹ - ਹਰਿਆਣਾ ਪੁਲਿਸ ਨੇ ਮਾਲਵਾ ਬੈਲਟ ਦੇ ਚਾਰ ਕਿਸਾਨਾਂ ਨੂੰ ਜੀਂਦ ਤੋਂ ਪੰਜਾਬ ਵੱਲ ਯੂਰੀਆਂ ਲੈ ਕੇ ਜਾਂਦੇ ਸ਼ਨੀਵਾਰ ਨੂੰ ਕਾਬੂ ਕੀਤਾ ਸੀ। ਇਨ੍ਹਾਂ ਚਾਰਾਂ ਕਿਸਾਨਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਚਾਰੋਂ ਕਿਸਾਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਦੱਸ ਦਈਏ ਕਿ ਚਾਰਾਂ ਕਿਸਾਨਾਂ ਵਿਚੋਂ ਦੋ ਲੁਧਿਆਣਾ ਅਤੇ ਦੋ ਪਟਿਆਲਾ ਤੋਂ ਹਨ। ਸ਼ਨੀਵਾਰ ਨੂੰ ਸਦਰ ਪੁਲਿਸ ਨੇ ਹਰਿਆਣਾ ਦੇ ਜੀਂਦ ਵਿਚ ਕਿਸਾਨਾਂ ਨੂੰ 4 ਟਰਾਲੀਆਂ ਵਿਚ ਲੱਦੇ 840 ਬੋਰੀਆਂ ਯੂਰੀਆਂ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਪੰਜਾਬ ਅੰਦਰ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਮਾਲ ਗੱਡੀਆਂ ਬੰਦ ਹਨ ਇਸ ਲਈ ਕਿਸਾਨ ਦੂਜੇ ਰਾਜਾਂ ਤੋਂ ਯੂਰੀਆ ਲਿਆਉਣ ਲਈ ਮਜਬੂਰ ਹਨ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਕਿਸਾਨ ਕੇਂਦਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਇਸ ਦੇ ਮੱਦੇਨਜ਼ਰ ਪੰਜਾਬ ਅੰਦਰ ਰੇਲ ਰੋਕੋ ਅੰਦੋਲਨ ਦੇ ਤਹਿਤ ਮਾਲ ਅਤੇ ਯਾਤਰੀ ਗੱਡੀਆਂ ਦੀ ਆਵਾਜਾਈ ਤੇ ਰੋਕ ਹੈ।

ਕਿਸਾਨ ਜੀਂਦ ਤੋਂ ਯੂਰੀਆ ਬਿਨ੍ਹਾਂ ਕਿਸੇ ਬਿੱਲ ਤੋਂ ਗੈਰ ਕਾਨੂੰਨੀ ਢੰਗ ਨਾਲ ਲੈ ਕੇ ਜਾ ਰਹੇ ਸੀ। ਸੂਬੇ ਅੰਦਰ ਪਿਛਲੇ ਡੇਢ ਮਹੀਨੇ ਤੋਂ ਮਾਲ ਗੱਡੀਆਂ ਦੀ ਆਵਾਜਾਈ ਠੱਪ ਪਈ ਹੈ। ਯੂਰੀਆ ਅਤੇ ਖਾਦਾਂ ਦੀ ਕਮੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਕਣਕ ਦੀ ਫ਼ਸਲ ਨੂੰ ਯੂਰੀਆ ਦੀ ਕਮੀ ਨਾਲ ਨੁਕਸਾਨ ਦਾ ਖਦਸ਼ਾ ਹੈ।  
ਪੰਜਾਬ ਅੰਦਰ ਲਗਭਗ 7 ਲੱਖ ਟਨ ਯੂਰੀਆ ਦੀ ਕਮੀ ਹੈ।

ਇਸ ਨਾਲ ਨੁਕਸਾਨ ਘੱਟ ਝਾੜ ਦੇ ਰੂਪ ਵਿੱਚ ਹੋ ਸਕਦਾ ਹੈ। ਬਠਿੰਡਾ ਅਤੇ ਨੰਗਲ NFL ਪਲਾਂਟ ਤੋਂ ਯੂਰੀਆ ਸਿੱਧਾ ਪੰਜਾਬ ਨੂੰ ਸਪਲਾਈ ਹੋ ਰਿਹਾ ਹੈ ਪਰ ਇਸ ਨਾਲ ਪੰਜਾਬ ਦੀ ਮੰਗ ਪੂਰੀ ਨਹੀਂ ਹੋ ਰਹੀ ਹੈ। NFL ਤੋਂ ਰੋਜ਼ਾਨਾ 3000 ਟਨ ਪ੍ਰੋਡਕਸ਼ਨ ਹੁੰਦੀ ਹੈ ਜੋ ਜ਼ਰੂਰਤ ਦੇ ਹਿਸਾਬ ਨਾਲ ਬਹੁਤ ਘੱਟ ਹੈ। ਕਿਸਾਨ ਯੂਨੀਅਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਸੀ ਕਿ ਉਹ ਗ੍ਰਿਫ਼ਤਾਰ ਹੋਏ ਕਿਸਾਨਾਂ ਦਾ ਬਚਾਅ ਕਰਨ ਜਿਨ੍ਹਾਂ ਖਿਲਾਫ ਹਰਿਆਣਾ 'ਚ ਮਾਮਲਾ ਦਰਜ ਹੋਇਆ ਹੈ।ਦੱਸ ਦੇਈਏ ਕਿ ਕਿਸਾਨਾਂ ਨੂੰ Fertilizer (Movement Control) Act, 1973 ਦੀ ਧਾਰਾ 3 ਅਤੇ ਜ਼ਰੂਰੀ ਵਸਤੂਆਂ ਐਕਟ, 1955 ਦੀ ਧਾਰਾ 7 ਦੇ ਅਧੀਨ ਮਾਮਲਾ ਦਰਜ ਕਰ ਗ੍ਰਿਫ਼ਤਾਰ ਕੀਤਾ ਗਿਆ ਸੀ।