ਅਕਾਲੀ ਦਲ ਨਾਲ ਨਹੀਂ ਕੈਪਟਨ ਨਾਲ ਹੱਥ ਮਿਲਾਉਣ ਨੂੰ ਪਹਿਲ ਦੇਵੇਗੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਦਰਖਾਤੇ ਹੋ ਰਹੀਆਂ ਨੇ ਗੁਪਤ ਮੀਟਿੰਗਾਂ, ਮੈਂ ਪਟਿਆਲਾ ਤੋਂ ਹੀ ਚੋਣ ਲੜਾਂਗਾ : ਕੈਪਟਨ ਅਮਰਿੰਦਰ ਸਿੰਘ

Ashwani Sharma, Captain Amarinder Singh

 

ਚੰਡੀਗੜ੍ਹ (ਅੰਕੁਰ ਤਾਂਗੜੀ): ਇਕ ਪਾਸੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਨਾਲੋਂ ਨਾਤਾ ਪੂਰੀ ਤਰ੍ਹਾਂ ਤੋੜ ਦਿਤਾ ਹੈ, ਕਾਂਗਰਸ ਛੱਡ ਕੇ ਅਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾ ਲਈ ਹੈ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਪੰਜਾਬ ਰਾਜਨੀਤੀ ਵਿਚ ਵੀ ਸਮੀਕਰਨ ਬਦਲ ਗਏ ਹਨ ਕਿਉਂਕਿ ਭਾਜਪਾ ਦੇ ਇਕ ਸੀਨੀਅਰ ਨੇਤਾ ਵਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਮੁੜ ਹੱਥ ਮਿਲਾਉਣ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਕਿਹਾ ਗਿਆ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਹੱਥ ਮਿਲਾਉਣ ਨੂੰ ਪਹਿਲ ਦੇਣਗੇ।  

ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਦੀ ਸ਼ਹਿਰੀ ਖੇਤਰਾਂ ਵਿਚ ਪਹੁੰਚ ਹੈ ਅਤੇ ਕੈਪਟਨ ਨੇ ਭਾਜਪਾ ਨਾਲ ਗਠਜੋੜ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਕਾਂਗਰਸ ਪੂਰੀ ਤਰ੍ਹਾਂ ਨਾਲ ਖਿਲਰ ਚੁੱਕੀ ਹੈ। ਪੰਜਾਬ ਦੇ ਲੋਕ ਮੁੱਖ ਮੰਤਰੀ ਵਲੋਂ ਕੀਤੇ ਜਾ ਰਹੇ ਝੂਠੇ ਵਾਅਦਿਆਂ ਦੀ ਪੋਲ ਖੋਲ੍ਹਦੇ ਨਜ਼ਰ ਆ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹੁਣ ਵੱਡੇ ਸਮਾਗਮ ਆਯੋਜਤ ਕਰਨ ਲਈ ਕੰਮ ਕਰਨ ਜਾ ਰਹੀ ਹੈ 
ਉਮੀਦ ਹੈ ਕਿ ਉਸ ਵਿਚ ਕੈਪਟਨ ਅਮਰਿੰਦਰ ਸਿੰਘ ਵੀ ਨਜ਼ਰ ਆ ਸਕਦੇ ਹਨ।

ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵੀ ਪੂਰੀ ਤਰ੍ਹਾਂ ਨਾਲ ਭਾਜਪਾ ਦੇ ਸੰਪਰਕ ਵਿਚ ਹੈ। ਉਨ੍ਹਾਂ ਦੀ ਰੋਜ਼ਾਨਾ ਮੀਟਿੰਗ ਹੁੰਦੀ ਹੈ ਜਿਸ ਵਿਚ ਰਣਨੀਤੀ ਬਣਾਈ ਜਾ ਰਹੀ ਹੈ। ਕਿਹੜੀ ਸੀਟ ਤੋਂ ਭਾਜਪਾ ਅਤੇ ਕਿਹੜੀ ਸੀਟ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਉਮੀਦਵਾਰ ਨੂੰ ਟਿਕਟ ਦੇਣੀ ਹੈ ਇਸ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਪਰ ਕੈਪਟਨ ਖੇਮੇ ਦੇ ਇਕ ਸੀਨੀਅਰ ਨੇਤਾ ਨੇ ਦਸਿਆ ਕਿ ਇਸ ਲਈ ਭਾਜਪਾ ਨਾਲ ਅਸੀਂ ਸੰਪਰਕ ਵਿਚ ਹਾਂ ਅਤੇ ਉਨ੍ਹਾਂ ਨਾਲ ਸੀਟਾਂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। 

ਉਨ੍ਹਾਂ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ਼ ਚੋਣ ਜ਼ਾਬਤੇ ਦਾ ਇੰਤਜ਼ਾਰ ਕਰ ਰਹੇ ਹਨ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਖੁਲ੍ਹ ਕੇ ਸਾਹਮਣੇ ਆਉਣਗੇ। ਚੋਣ ਲੜਨ ਦੇ ਮਾਮਲੇ ’ਚ ਕੈਪਟਨ ਨੇ ਅਪਣੇ ਫੇਸਬੁੱਕ ਪੇਜ ‘ਪੰਜਾਬ ਦਾ ਕੈਪਟਨ’ ’ਤੇ ਅੱਜ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਉਨ੍ਹਾਂ ਨੇ ਪਟਿਆਲਾ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਦਿਤਾ ਹੈ। ਪੋਸਟ ’ਚ ਕੈਪਟਨ ਨੇ ਲਿਖਿਆ ਕਿ ‘ਮੈਂ ਪਟਿਆਲਾ ਤੋਂ ਹੀ ਚੋਣ ਲੜਾਂਗਾ, ਪਟਿਆਲਾ 400 ਸਾਲਾਂ ਤੋਂ ਸਾਡੇ ਨਾਲ ਰਿਹਾ ਹੈ ਅਤੇ ਮੈਂ ਸਿੱਧੂ ਦੀ ਖ਼ਾਤਰ ਉਨ੍ਹਾਂ ਨੂੰ ਛੱਡਣ ਵਾਲਾ ਨਹੀਂ ਹਾਂ।’