ਡੇਰਾ ਪ੍ਰੇਮੀ ਦਾ ਕਤਲ ਕਰ ਕੇ ਥਾਣੇ ਦੇ ਬਾਹਰ ਸੁੱਟੀ ਲਾਸ਼, ਤਫ਼ਤੀਸ਼ ਜਾਰੀ  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੁੱਟ ਦੀ ਨੀਅਤ ਨਾਲ ਗੋਪੀ ਰਾਮ ਦਾ ਕਤਲ ਕਰਕੇ ਉਸ ਦੀ ਲਾਸ਼ ਥਾਣੇ ਦੇ ਸਾਹਮਣੇ ਦੁਕਾਨ ਦੇ ਬਾਹਰ ਸੁੱਟ ਗਏ

murder

ਭਿੱਖੀਵਿੰਡ (ਸਸਸ) : ਸਥਾਨਕ ਥਾਣੇ ਦੇ ਬਿਲਕੁਲ ਸਾਹਮਣੇ ਇੱਕ ਡੇਰਾ ਪ੍ਰੇਮੀ ਦੀ ਲਾਸ਼ ਮਿਲੀ ਹੈ। ਦੱਸ ਦੇਈਏ ਕਿ ਡੇਰਾ ਪ੍ਰੇਮੀ ਦਾ ਕਤਲ ਕਰਨ ਮਗਰੋਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ ਜਦਕਿ ਲਾਸ਼ ਨੂੰ ਥਾਣੇ ਦੇ ਸਾਹਮਣੇ ਸੁੱਟ ਗਏ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਮ੍ਰਿਤਕ ਜੁੱਤੀਆਂ ਗੰਢਣ ਦਾ ਕੰਮ ਕਰਦਾ ਸੀ ਅਤੇ ਕਮੇਟੀਆਂ ਵੀ ਪਾਉਂਦਾ ਸੀ। ਇਸ ਲਈ ਉਸ ਦੀ ਜੇਬ੍ਹ ਵਿਚ ਹਮੇਸ਼ਾਂ ਡੇਢ -ਦੋ ਲੱਖ ਰੁਪਿਆ ਵੀ ਹੁੰਦਾ ਸਨ।

ਇਹ ਹੀ ਕਾਰਨ ਹੈ ਕਿ ਕੁਝ ਵਿਅਕਤੀਆਂ ਵਲੋਂ ਉਸ ਦਾ ਕਤਲ ਕਰ ਕੇ ਲਾਸ਼ ਦੁਕਾਨ ਦੇ ਬਾਹਰ ਹੀ ਸੁੱਟ ਦਿਤੀ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਗੋਪੀ ਰਾਮ ਪੁੱਤਰ ਰੂਪਾ ਰਾਮ ਵਾਸੀ ਵਾਰਡ ਨੰ. 11 ਵਜੋਂ ਹੋਈ ਹੈ। ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਬੀਤੇ ਕੱਲ੍ਹ 5:30 ਵਜੇ ਦੇ ਕਰੀਬ ਆਪਣੀ ਜੁੱਤੀਆਂ ਗੰਢਣ ਵਾਲੀ ਦੁਕਾਨ ਤੇ ਗਿਆ ਅਤੇ ਵਾਪਸ ਨਹੀਂ ਆਇਆ। ਪ੍ਰਵਾਰ ਨੂੰ ਜਦੋਂ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਨੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੂੰ ਇਸ ਬਾਬਤ ਜਾਣਕਾਰੀ ਦਿਤੀ। ਪ੍ਰਵਾਰ ਦਾ ਇਹ ਵੀ ਕਹਿਣਾ ਸੀ ਕਿ ਗੋਪੀ ਰਾਮ ਨੂੰ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਅਗਵਾਹ ਕਰਨ ਮਗਰੋਂ  ਕਤਲ ਕਰ ਦਿਤਾ, ਜਿਸ ਦੀ ਅੱਜ ਸਵੇਰੇ ਤੜਕਸਾਰ ਹੀ ਭੇਦ ਭਰੇ ਹਾਲਾਤ ਵਿਚ ਲਾਸ਼ ਮਿਲੀ ਹੈ।

ਪ੍ਰਵਾਰ ਦਾ ਕਹਿਣਾ ਹੈ ਕਿ ਮ੍ਰਿਤਕ ਗੋਪੀ ਰਾਮ ਕੋਲ ਕਰੀਬ ਦੋ ਲੱਖ ਰੁਪਏ ਸਨ। ਇਹ ਵਾਰਦਾਤ ਲੁਟੇਰਿਆਂ ਵਲੋਂ ਹੀ ਕੀਤੀ ਗਈ ਹੈ ਅਤੇ ਲੁੱਟ ਦੀ ਨੀਅਤ ਨਾਲ ਗੋਪੀ ਰਾਮ ਦਾ ਕਤਲ ਕਰਕੇ ਉਸ ਦੀ ਲਾਸ਼ ਥਾਣੇ ਦੇ ਸਾਹਮਣੇ ਦੁਕਾਨ ਦੇ ਬਾਹਰ ਸੁੱਟ ਗਏ ਹਨ। ਜ਼ਿਕਰਯੋਗ ਹੈ ਕਿ ਮ੍ਰਿਤਕ ਨੇ ਬੀਤੀ ਸ਼ਾਮ ਕਮੇਟੀ ਦੇ ਪੈਸੇ ਇਕੱਠੇ ਕੀਤੇ ਸਨ ਜੋ ਕਿ ਲੁਟੇਰਿਆਂ ਵਲੋਂ ਲੁੱਟ ਕੇ ਉਸਦਾ ਕਤਲ ਕਰ ਦਿਤਾ ਗਿਆ ਹੈ। ਪ੍ਰਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ।

ਇਸ ਮੌਕੇ  ASI ਪੰਨਾ ਲਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਦੇ ਸਰ 'ਤੇ ਸੱਟ ਲੱਗੀ ਹੈ ਜਿਸ ਤੋਂ ਲਗਦਾ ਹੈ ਕਿ ਉਸ ਦੇ ਸਿਰ 'ਤੇ ਪਿੱਛੋਂ ਹਮਲਾ ਕੀਤਾ ਹੈ ਜਿਸ ਕਾਰਨ ਉਸ ਦੀ ਮੌਤ ਹੋਈ ਹੈ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।