ਰਾਤੋ-ਰਾਤ ਸ਼ਖ਼ਸ ਬਣਿਆ ਕਰੋੜਪਤੀ, ਨਿਕਲੀ ਢਾਈ ਕਰੋੜ ਰੁਪਏ ਦੀ ਲਾਟਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ ਦੇ ਰਹਿਣ ਵਾਲੇ ਪਵਨ ਨੇ ਆਨਲਾਈਨ ਲੁਧਿਆਣਾ ਤੋਂ ਖਰੀਦੀ ਸੀ ਲਾਟਰੀ ਦੀ ਟਿਕਟ  

Punjab news

ਪੈਸੇ ਮਿਲਣ ਮਗਰੋਂ ਸਭ ਤੋਂ ਪਹਿਲਾਂ ਕਰਨਗੇ ਗ਼ਰੀਬਾਂ ਦੀ ਮਦਦ
15 ਸਾਲਾਂ ਤੋਂ ਲਾਟਰੀ ਪਾ ਰਿਹਾ ਸੀ ਪਵਨ ਤੇ ਹੁਣ ਨਿਕਲਿਆ ਢਾਈ ਕਰੋੜ ਰੁਪਏ ਦਾ ਇਨਾਮ 
ਲੁਧਿਆਣਾ :
ਰੱਬ ਜਦੋਂ ਦੇਵੇ ਤਾਂ ਛੱਪਰ ਪਾੜ ਕੇ ਦਿੰਦਾ ਹੈ, ਇਹ ਕਹਾਵਤ ਬਿਲਕੁਲ ਸੱਚ ਜਾਪਦੀ ਹੈ। ਜੰਮੂ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਲੁਧਿਆਣਾ ਤੋਂ ਆਨਲਾਈਨ ਲਾਟਰੀ ਦੀ ਟਿਕਟ ਖਰੀਦੀ ਅਤੇ ਉਸ ਦੀ ਢਾਈ ਕਰੋੜ ਪੂਰੇ ਦੀ ਲਾਟਰੀ ਨਿਕਲੀ ਹੈ।

ਜਾਣਕਾਰੀ ਅਨੁਸਾਰ ਪਵਨ ਜੰਮੂ ਦਾ ਰਹਿਣ ਵਾਲਾ ਹੈ ਜਦਕਿ ਗੁੜਗਾਓਂ ਵਿਚ ਕਾਰੋਬਾਰ ਕਰਦਾ ਹੈ ਅਤੇ ਉਹ ਪਿਛਲੇ 15 ਸਾਲ ਤੋਂ ਲਗਾਤਾਰ ਲਾਟਰੀ ਪਾ ਰਿਹਾ ਸੀ। ਇਸ ਮੌਕੇ ਗੱਲਬਾਤ ਕਰਦੇ ਹੋਏ ਪਵਨ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਲਾਟਰੀ ਦੀ ਟਿਕਟ ਖਰੀਦ ਰਿਹਾ ਸੀ ਅਤੇ ਉਸ ਨੂੰ ਪੂਰਾ ਯਕੀਨ ਸੀ ਕਿ ਇੱਕ ਦਿਨ ਉਸ ਦੀ ਲਾਟਰੀ ਜ਼ਰੂਰ ਨਿਕਲੇਗੀ।

ਉਸ ਨੇ ਦੱਸਿਆ ਕਿ ਹੌਸਲਾ ਛੱਡੇ ਬਗੈਰ ਉਹ ਲਗਾਤਾਰ ਟਿਕਟ ਖਰੀਦਦਾ ਰਿਹਾ। ਇਸ ਮੌਕੇ ਪਵਨ ਨੇ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਉਸ ਨੇ ਕਾਫੀ ਖੋਜ ਪੜਤਾਲ ਕਰਨ ਮਗਰੋਂ ਹੀ ਆਨਲਾਈਨ ਟਿਕਟ ਖਰੀਦੀ ਸੀ ਕਿਉਂਕਿ ਅੱਜ ਕੱਲ ਬਹੁਤ ਧੋਖਾਧੜੀਆਂ ਹੋ ਰਹੀਆਂ ਹਨ ਪਰ ਜਿਨ੍ਹਾਂ ਤੋਂ ਮੈਂ ਟਿਕਟ ਖਰੀਦੀ ਹੈ ਉਹ ਵਿਸ਼ਵਾਸਯੋਗ ਹਨ। ਪਵਨ ਨੇ ਦੱਸਿਆ ਕਿ ਲਾਟਰੀ ਦੇ ਪੈਸੇ ਮਿਲਣ ਮਗਰੋਂ ਸਭ ਤੋਂ ਪਹਿਲਾਂ ਇਸ ਦਾ ਕੁਝ ਹਿੱਸਾ ਉਹ ਗ਼ਰੀਬਾਂ, ਅਪਾਹਜਾਂ ਅਤੇ ਲੋੜਵੰਦਾਂ ਦੀ ਮਦਦ ਲਈ ਖਰਚ ਕਰਨਗੇ ਅਤੇ ਬਾਕੀ ਦੇ ਪੈਸਿਆਂ ਨਾਲ ਆਪਣਾ ਕਾਰੋਬਾਰ ਕਰਨਗੇ।