ਹਥਿਆਰਾਂ ਦੀ ਵੀਡੀਓ ਪੋਸਟ ਕਰਨ 'ਤੇ ਮਾਮਲਾ ਦਰਜ: .32 ਬੋਰ ਦਾ ਰਿਵਾਲਵਰ ਤੇ ਸਫਾਰੀ ਕਾਰ ਜ਼ਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੋਸ਼ਲ ਮੀਡੀਆ ਟੀਮ ਵਲੋਂ ਕੀਤੀ ਜਾ ਰਹੀ ਨਿਗਰਾਨੀ

Representative

ਪਠਾਨਕੋਟ : ਸੋਸ਼ਲ ਮੀਡੀਆ 'ਤੇ ਗੰਨ ਕਲਚਰ ਨੂੰ ਵਧਾਵਾ ਦੇਣ ਵਾਲੀਆਂ ਫੋਟੋਆਂ, ਆਡੀਓ-ਵੀਡੀਓ ਅਪਲੋਡ ਕਰਨ ਵਾਲਿਆਂ ਵਿਰੁੱਧ ਪੰਜਾਬ ਦੇ ਸਾਰੇ ਜ਼ਿਲ੍ਹਾ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਪਠਾਨਕੋਟ ਪੁਲਿਸ ਨੇ ਇੰਸਟਾਗ੍ਰਾਮ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਵਾਲੀ ਵੀਡੀਓ ਅਪਲੋਡ ਕਰਨ ਦੇ ਦੋਸ਼ 'ਚ 3 ਲੋਕਾਂ ਖਿਲਾਫ ਮਾਮਲਾ ਵੀ ਦਰਜ ਕੀਤਾ ਹੈ।

ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਰਿਵਾਲਵਰ ਅਤੇ ਵੀਡੀਓ ਵਿੱਚ ਦਿਖਾਈ ਦੇ ਰਹੀ ਇੱਕ ਸਫਾਰੀ ਕਾਰ ਵੀ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਗਗਨਦੀਪ ਸਿੰਘ ਵਾਸੀ ਪਿੰਡ ਨਵਾਂ ਥਿਰਲ ਵਜੋਂ ਹੋਈ ਹੈ। ਲਖਵਿੰਦਰ ਸਿੰਘ ਅਤੇ ਪਠਾਨਕੋਟ ਦੇ ਕਸ਼ਮੀਰੀ ਮੁਹੱਲਾ ਸੁਜਾਨਪੁਰ ਨਿਵਾਸੀ ਅਸ਼ੋਕ ਕੁਮਾਰ ਸ਼ਾਮਲ ਹਨ। ਐਸਐਸਪੀ ਹਰਕਮਲ ਪ੍ਰੀਤ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲੇ ਲੋਕਾਂ 'ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਸੋਸ਼ਲ ਮੀਡੀਆ ਟੀਮ ਦਾ ਗਠਨ ਕੀਤਾ ਗਿਆ ਹੈ।

ਪੁਲਿਸ ਦੀ ਸੋਸ਼ਲ ਮੀਡੀਆ ਟੀਮ ਨੂੰ ਉਕਤ ਮੁਲਜ਼ਮ ਦੇ ਇੰਸਟਾਗ੍ਰਾਮ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਵੀਡੀਓ ਮਿਲਿਆ ਹੈ। ਪੁਲਿਸ ਨੇ ਤੁਰੰਤ ਮੁਲਜ਼ਮ ਖ਼ਿਲਾਫ਼ ਥਾਣਾ ਸ਼ਾਹਪੁਰਕੰਡੀ ਪਠਾਨਕੋਟ ਵਿੱਚ ਕੇਸ ਦਰਜ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਹਥਿਆਰ ਉਨ੍ਹਾਂ ਦੇ ਹੀ ਹੋਣ ਦੀ ਗੱਲ ਕਬੂਲ ਕੀਤੀ ਹੈ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੰਜਾਬੀ ਗੀਤਾਂ ਸਮੇਤ ਹਥਿਆਰਾਂ ਦੀਆਂ ਵੀਡੀਓਜ਼ ਲਗਾਤਾਰ ਪੋਸਟ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੁਲਜ਼ਮਾਂ ਦਾ ਅਸਲਾ ਲਾਇਸੈਂਸ ਰੱਦ ਕਰਨ ਲਈ ਪ੍ਰਸ਼ਾਸਨ ਨੂੰ ਪੱਤਰ ਲਿਖਿਆ ਹੈ। ਉਹ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੰਜਾਬੀ ਗੀਤਾਂ ਦੇ ਨਾਲ-ਨਾਲ ਹਥਿਆਰਾਂ ਦੀਆਂ ਵੀਡੀਓਜ਼ ਵੀ ਲਗਾਤਾਰ ਪੋਸਟ ਕਰ ਰਿਹਾ ਸੀ।