ਮਿਲਾਵਟਖੋਰੀ 'ਤੇ ਸ਼ਿਕੰਜਾ! ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਵੱਲੋਂ ਮਿਲਾਵਟਖੋਰਾਂ ਨੂੰ ਕਾਬੂ ਕਰਨ ਲਈ ਨਿਗਰਾਨੀ ਤੇਜ਼ ਕਰਨ ਦੇ ਆਦੇਸ਼ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਸਕੱਤਰ ਨੇ ਪੰਜਾਬ ਵਾਸੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਮੁਹੱਈਆ ਕਰਵਾਉਣ ਲਈ ਉੱਚ-ਪੱਧਰੀ ਮੀਟਿੰਗ ਬੁਲਾਈ

CM BHAGWANT MANN LED PUNJAB GOVT ADOPTS ZERO TOLERANCE POLICY AGAINST FOOD ADULTERATION

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਭੋਜਨ ਪਦਾਰਥਾਂ ਦੀ ਮਿਲਾਵਟ ਪ੍ਰਤੀ ਨਾ ਕਾਬਲੇ ਬਰਦਾਸ਼ਤ ਪਹੁੰਚ ਅਪਣਾਈ
ਚੰਡੀਗੜ੍ਹ : ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਖੁਰਾਕ ਮੁਹੱਈਆ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਖੁਰਾਕ ਅਤੇ ਦੁੱਧ ਉਤਪਾਦਾਂ ਵਿੱਚ ਮਿਲਾਵਟਖੋਰੀ ਦੀਆਂ ਅਨੈਤਿਕ ਗਤੀਵਿਧੀਆਂ ਬਾਰੇ ਚਰਚਾ ਕਰਨ ਅਤੇ ਇਸ ਦੇ ਕੰਟਰੋਲ ਵਾਸਤੇ ਉਪਾਅ ਕਰਨ ਲਈ ਮੀਟਿੰਗ ਬੁਲਾਈ।

ਮੁੱਖ ਸਕੱਤਰ ਜੰਜੂਆ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਖ਼ਤ ਹਦਾਇਤਾਂ ਹਨ ਕਿ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੂਬਾ ਸਰਕਾਰ ਦੀ ਮਿਲਾਵਟਖੋਰੀ ਪ੍ਰਤੀ ਜ਼ੀਰੋ ਟਾਲਰੈਂਸ ਨੀਤੀ ਅਪਣਾਏ ਜਾਣ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਖ਼ੁਰਾਕ ਅਤੇ ਡਰੱਗ ਪ੍ਰਬੰਧਨ (ਐਫ.ਡੀ.ਏ.) ਦੇ ਕਮਿਸ਼ਨਰ ਡਾ. ਅਭਿਨਵ ਤ੍ਰਿਖਾ ਨੇ ਮੁੱਖ ਸਕੱਤਰ ਨੂੰ ਫੂਡ ਸੇਫਟੀ ਵਿੰਗ ਵੱਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ, ਜਿਸ ਵਿੱਚ ਐਫ.ਬੀ.ਓ. ਅਤੇ ਖਪਤਕਾਰਾਂ ਵਿੱਚ ਜਾਗਰੂਕਤਾ ਪੈਦਾ ਕਰਨਾ, ਲਾਇਸੈਂਸ/ਰਜਿਸਟਰੇਸ਼ਨ, ਨਿਰੀਖਣ, ਸੈਂਪਲਿੰਗ, ਈਟ ਰਾਈਟ ਸਰਟੀਫਿਕੇਸ਼ਨ ਕਰਨਾ ਸ਼ਾਮਲ ਹਨ।

ਮੁੱਖ ਸਕੱਤਰ ਨੇ ਖੁਰਾਕ ਤੇ ਡਰੱਗ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਉਤੇ ਜ਼ੋਰ ਦਿੰਦਿਆਂ ਸਟਾਫ ਦੀ ਭਰਤੀ, ਨਿਗਰਾਨੀ ਟੀਮਾਂ ਲਈ ਵਾਹਨਾਂ ਦੀ ਵਿਵਸਥਾ ਅਤੇ ਸੂਬੇ ਭਰ ਵਿੱਚ ਹੋਰ ਨਵੀਆਂ ਲੈਬ ਸਥਾਪਤ ਕਰਨ ਦੀ ਗੱਲ ਕਹੀ। ਉਨ੍ਹਾਂ ਚੈਕਿੰਗ ਟੀਮਾਂ ਦੀਆਂ ਗਤੀਵਿਧੀਆਂ ਵਧਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਦੁੱਧ ਤੋਂ ਤਿਆਰ ਹੋਣ ਵਾਲੇ ਉਤਪਾਦਾਂ ਜਿਵੇਂ ਕਿ ਮੱਖਣ, ਪਨੀਰ ਤੇ ਦੇਸੀ ਘਿਓ ਦੀ ਮਿਲਾਵਟ ਕਰਨ ਵਾਲਿਆਂ ਉਤੇ ਸਖਤੀ ਕਰਦਿਆਂ ਛਾਪੇਮਾਰੀ ਕੀਤੀ ਜਾਵੇ। ਇਸ ਸਬੰਧੀ ਨਿਗਰਾਨ ਟੀਮਾਂ ਦੀ ਗਿਣਤੀ ਵਧਾਈ ਜਾਵੇ।

ਮੀਟਿੰਗ ਵਿੱਚ ਵਿੱਤ ਕਮਿਸ਼ਨਰ ਸਹਿਕਾਰਤਾ ਰਵਨੀਤ ਕੌਰ, ਸਕੱਤਰ ਖੇਤੀਬਾੜੀ ਤੇ ਕਿਸਾਨ ਭਲਾਈ ਅਰਸ਼ਦੀਪ ਸਿੰਘ ਥਿੰਦ, ਮਿਲਕਫੈਡ ਦੇ ਐਮ.ਡੀ. ਅਮਿਤ ਢਾਕਾ, ਪੰਜਾਬ ਐਗਰੋ ਦੇ ਐਮ.ਡੀ. ਮਨਜੀਤ ਸਿੰਘ ਬਰਾੜ, ਮਾਰਕਫੈਡ ਦੇ ਐਮ.ਡੀ. ਰਾਮਵੀਰ, ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ ਚਾਂਸਲਰ ਡਾ.ਇੰਦਰਜੀਤ ਸਿੰਘ, ਡਾਇਰੈਕਟਰ ਲੈਬ ਰਵਨੀਤ ਕੌਰ ਤੇ ਜੁਆਇੰਟ ਕਮਿਸ਼ਨਰ ਖੁਰਾਕ ਮਨੋਜ ਖੋਸਲਾ ਵੀ ਹਾਜ਼ਰ ਸਨ।