ਲੰਬੀ ਛੁੱਟੀ ਉਤੇ ਗਏ ਗਿਆਨੀ ਰਘਬੀਰ ਸਿੰਘ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ 'ਤੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਉਣਗੇ

Giani Raghbir Singh

ਅੰਮ੍ਰਿਤਸਰ (ਪੱਤਰ ਪ੍ਰੇਰਕ): ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਡਿਊਟੀ ਤੋਂ ਲਾਂਭੇ ਕਰ ਦਿਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਗਿਆਨੀ ਰਘਬੀਰ ਸਿੰਘ ਨੂੰ ਕਈ ਮਹੀਨਿਆਂ ਦੀ ਲੰਮੀ ਛੁੱਟੀ ’ਤੇ ਭੇਜਿਆ ਗਿਆ ਹੈ।

ਗਿਆਨੀ ਰਘਬੀਰ ਸਿੰਘ ਦੀ ਥਾਂ ਗਿਆਨੀ ਅਮਰਜੀਤ ਸਿੰਘ ਸ੍ਰੀ ਦਰਬਾਰ ਸਾਹਿਬ ’ਤੇ ਹੈੱਡ ਗ੍ਰੰਥੀ ਵਜੋਂ ਸੇਵਾ ਨਿਭਾਉਣਗੇ। 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਲੰਮੀ ਛੁੱਟੀ ’ਤੇ ਜਾਣਾ  ਪੰਥਕ ਹਲਕਿਆਂ ਵਿਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸੂਤਰਾਂ ਅਨੁਸਾਰ ਉਨ੍ਹਾਂ ਨੂੰ ਜਬਰੀ ਲੰਬੀ ਛੁੱਟੀ ’ਤੇ ਭੇਜਿਆ ਗਿਆ ਹੈ। 27 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਵਿਚ ਗਿਆਨੀ ਰਘਬੀਰ ਸਿੰਘ ਬਾਰੇ ਵੱਡਾ ਫ਼ੈਸਲਾ ਆ ਸਕਦਾ ਹੈ ਜਿਸ ਵਿਚ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ।

ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਜਥੇਦਾਰ ਰਹਿੰਦਿਆਂ 2 ਦਸੰਬਰ ਵਾਲੇ ਸੁਣਾਏ ਫ਼ੈਸਲੇ ਤੋਂ ਬਾਅਦ ਕਾਫ਼ੀ ਚਰਚਾ ਵਿਚ ਆਏ ਸਨ। ਗਿਆਨੀ ਰਘਬੀਰ ਕਈ ਵਾਰ ਮੀਡੀਆ ਅੱਗੇ ਇਹ ਵੀ ਕਹਿੰਦੇ ਨਜ਼ਰ ਆਏ ਕਿ ਮੇਰਾ ਬੈਗ ਤਿਆਰ ਹੈ।

ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਜ਼ੀਰਾਂ ਨੂੰ ਫ਼ਸੀਲ ਤੋਂ ਹੁਕਮ ਸੁਣਾਏ ਜਾਣ ਮਗਰੋਂ ਲਗਾਤਾਰ ਉਨ੍ਹਾਂ ਦੀ ਸੇਵਾਵਾਂ ਖ਼ਤਮ ਕਰਨ ਦੀਆਂ ਚਰਚਾਵਾਂ ਚਲ ਰਹੀਆਂ ਹਨ। ਇਸ ਸਬੰਧੀ ਜਦੋਂ ਗਿਆਨੀ ਰਘਬੀਰ ਸਿੰਘ ਨਾਲ ਫ਼ੋਨ ’ਤੇ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਦਾ ਫ਼ੋਨ ਨਹੀਂ ਮਿਲਿਆ ਪਰ ਉਨ੍ਹਾਂ ਦੇ ਨਿਜੀ ਸਹਾਇਕ ਨੇ ਦਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ, ਸਿੰਘ ਸਾਹਿਬ ਨੂੰ ਟਾਈਫ਼ਾਈਡ ਹੋਇਆ ਹੈ ਜਿਸ ਵਾਸਤੇ ਡਾਕਟਰਾਂ ਨੇ ਆਰਾਮ ਕਰਨ ਲਈ ਕਿਹਾ ਹੈ। ਇਸ ਵਾਸਤੇ ਚਾਰ, ਪੰਜ ਦਿਨ ਦੀ ਛੁੱਟੀ ਲਈ ਹੈ। ਬਾਕੀ ਕੰਮ ਉਸੇ ਤਰ੍ਹਾਂ ਚਲਣਗੇ।