ਸੁਖਬੀਰ ਅਪਣੀ ਫ਼ਰਜ਼ੀ ਪ੍ਰਧਾਨਗੀ ਬਚਾਉਣ ਲਈ ਰਚ ਰਹੇ ਨੇ ਧਰਨਿਆਂ ਦਾ ਡਰਾਮਾ : ਸੁਨੀਲ ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਖੋਹਣ ਦਾ ਯਤਨ ਕਰ ਰਹੀ ਹੈ

Sunil Kumar Jakhar, Sukhbir Badal

ਬਰਨਾਲਾ  (ਕੁਲਦੀਪ ਗਰੇਵਾਲ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਨੇ ਆਖਿਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਲੋਕਾਂ ਦੀ ਬੋਲਣ ਦੀ ਆਜ਼ਾਦੀ ਖੋਹਣ ਦਾ ਯਤਨ ਕਰ ਰਹੀ ਹੈ ਪਰ ਕਾਂਗਰਸ  ਭਾਜਪਾ ਸਰਕਾਰ ਨੂੰ ਸੰਵਿਧਾਨ ਦੀ ਮੂਲ ਭਾਵਨਾ ਮਾਰਨ ਦੀ ਆਗਿਆ ਕਦੇ ਨਹੀਂ ਦੇਵੇਗੀ।

ਅੱਜ ਬਰਨਾਲਾ ਵਿਖੇ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ਼੍ਰੀ ਸੁਨੀਲ ਜਾਖੜ ਨੇ ਟਕਸਾਲੀ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਬਿਆਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਪਣੀ ਫ਼ਰਜ਼ੀ ਪ੍ਰਧਾਨਗੀ ਬਚਾਈ ਰੱਖਣ ਲਈ ਧਰਨੇ ਲਗਾ ਰਹੇ ਹਨ ਜਦਕਿ ਉਨ੍ਹਾਂ ਨੇ ਕਦੇ ਖੁਦ ਧਰਨਿਆਂ ਨੂੰ ਵੇਹਲਿਆਂ ਦਾ ਕੰਮ ਕਿਹਾ ਸੀ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦਿਆਂ ਸ਼੍ਰੀ ਜਾਖੜ ਨੇ ਕਿਹਾ ਕਿ ਧਰਮ ਨਿਰਪੱਖਤਾ ਅਤੇ ਸੰਘੀ ਢਾਂਚੇ ਦੀ ਵਕਾਲਤ ਕਰਨ ਵਾਲੀ ਇਸ ਪਾਰਟੀ ਦੇ ਆਗੂ ਕੇਂਦਰ ਵਿਚ ਇਕ ਮੰਤਰੀ ਦਾ ਅਹੁਦਾ ਬਚਾਈ ਰੱਖਣ ਲਈ ਅਪਣੇ ਸਿਧਾਂਤਾਂ ਤੋਂ ਥਿੜਕ ਗਏ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਤਾਂ ਬਿਜ਼ਨਸਮੈਨ ਹਨ ਪਰ ਦੁੱਖ ਤਾਂ ਇਸ ਗੱਲ ਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਜਿਨਾਂ ਨੇ ਖੁਦ ਖੇਤੀ ਕੀਤੀ ਹੈ ਉਹ ਵੀ ਕਿਸਾਨਾਂ ਦੇ ਮੁੱਦਿਆਂ 'ਤੇ ਚੁੱਪ ਹਨ।

ਇਸ ਮੌਕੇ ਜ਼ਿਲ੍ਹਾ ਲੀਡਰਸ਼ਿਪ ਵਲੋਂ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਉੱਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਪਿਆਜ਼ ਤੇ ਆਲੂ ਦੀਆਂ ਵਧਦੀਆਂ ਕੀਮਤਾਂ ਦੇ ਮਦੇਨਜ਼ਰ ਆਲੂ ਅਤੇ ਪਿਆਜ਼ ਮੋਦੀ ਸਰਕਾਰ ਨੂੰ ਭੇਂਟ ਕਰਨ ਹਿੱਤ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੂੰ ਦਿਤੇ।

ਸੀਨੀਅਰ ਉੱਪ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਜ਼ਿਲ੍ਹੇ ਵਿਚ ਪਾਰਟੀ ਨੂੰ ਮਜਬੂਤ ਕਰਨ ਵਿਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਹਰ ਫਰੰਟ 'ਤੇ ਪਾਰਟੀ ਨੂੰ ਮਜਬੂਤ ਕਰਨ ਲਈ ਕੰਮ ਕੀਤਾ ਜਾਵੇਗਾ।