ਇਟਲੀ ਦੇ ਗੁਰਦਵਾਰੇ ’ਚ ਖੇਤੀ ਬਿਲਾਂ ਦੇ ਫ਼ਾਇਦੇ ਗਿਣਾਉਂਦੀ ਭਾਰਤੀ ਰਾਜਦੂਤ ਨੂੰ ਸਿੰਘਾਂ ਨੇ ਘੇਰਿਆ

ਏਜੰਸੀ

ਖ਼ਬਰਾਂ, ਪੰਜਾਬ

ਇਟਲੀ ਦੇ ਗੁਰਦਵਾਰੇ ’ਚ ਖੇਤੀ ਬਿਲਾਂ ਦੇ ਫ਼ਾਇਦੇ ਗਿਣਾਉਂਦੀ ਭਾਰਤੀ ਰਾਜਦੂਤ ਨੂੰ ਸਿੰਘਾਂ ਨੇ ਘੇਰਿਆ

image

ਰੋਮ, (ਇਟਲੀ),  21 ਦਸੰਬਰ (ਚੀਨੀਆ) : ਪੰਜਾਬ ਦੇ ਕਿਸਾਨਾਂ ਵਲੋਂ ਵਿਢਿਆ ਅੰਦੋਲਨ ਅੱਜ ਹਰ ਪੰਜਾਬੀ ਦੇ ਸਿਰ ਚੜ੍ਹ ਬੋਲ ਰਿਹਾ ਹੈ ਤੇ ਹਰ ਭਾਰਤੀ ਇਸ ਅੰਦੋਲਨ ਵਿਚ  ਯੋਗਦਾਨ ਪਾਉਣੀ ਅਪਣੀ ਨੈਤਿਕ ਜ਼ਿੰਮੇਵਾਰੀ ਸਮਝ ਰਿਹਾ ਹੈ, ਹਰ ਪੰਜਾਬੀ ਖੇਤੀਬਾੜੀ ਬਿਲਾਂ ਨੂੰ ਰੱਦ ਕਰਨ ਦੀ ਮੰਗ ਕਰ ਰਿਹਾ ਹੈ। ਇਟਲੀ ’ਚ ਵਸਦੇ ਪੰਜਾਬੀਆਂ ਵਲੋਂ ਕਿਸਾਨ ਅੰਦੋਲਨ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ। ਕਦੇ ਰੋਮ ਵਿਚ ਤੇ ਕਦੇ ਮਿਲਾਨ ਵਿਚ ਤੇ ਕਈ ਹੋਰ ਸ਼ਹਿਰਾਂ ਰੋਸ ਮੁਜ਼ਾਹਰੇ ਹੋ ਰਹੇ ਹਨ ਜਿਨ੍ਹਾਂ ਵਿਚ ਲੋਕ ਕਾਫ਼ਲਿਆਂ ਦੇ ਰੂਪ ਵਿਚ ਸਮੂਲੀਅਤ ਕਰ ਰਹੇ ਹਨ।
ਬੀਤੇ ਦਿਨ ਇਟਲੀ ਦੇ ਭਾਰਤੀਆਂ ਨੇ ਮਿਲਾਨ ਕੌਸਲੇਟ ਆਫ਼ ਜਨਰਲ ਦੇ ਦਫ਼ਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਤੇ ਅਪਣਾ ਮੰਗ ਪੱਤਰ ਸੰਬਧਤ ਅਫ਼ਸਰ ਨੂੰ ਲੈਣ ਲਈ ਅਪੀਲ ਕੀਤੀ ਪਰ ਅਫ਼ਸੋਸ ਕਿਸੇ ਵੀ ਜ਼ਿੰਮੇਵਾਰ ਅਫ਼ਸਰ ਨੇ ਭਾਰਤੀ ਭਾਈਚਾਰੇ ਕੋਲੋ ਉਨ੍ਹਾਂ ਦਾ ਮੰਗ ਪੱਤਰ ਨਹੀਂ ਲਿਆ। 
ਦੂਜੇ ਪਾਸੇ ਲਾਸੀਉ ਸੂਬੇ ਦੇ ਭਾਰਤੀ ਭਾਈਚਾਰੇ ਖਾਸਕਰ ਪੰਜਾਬੀ ਭਾਈਚਾਰੇ ਵਲੋਂ ਵੀ ਵਿਚਾਰ-ਵਟਾਂਦਰੇ ਕੀਤੇ ਗਏ ਕਿ ਉਹ ਭਾਰਤੀ ਰਾਜਦੂਤ ਮੈਡਮ ਨੀਨਾ ਮਲਹੋਤਰਾ ਰਾਹੀਂ ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦੇ ਹੋਏ ਭਾਰਤ ਦੀ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇਣਗੇ।
ਇਸ ਪ੍ਰੋਗਰਾਮ ਨੂੰ ਨੇਪੜੇ ਚਾੜਨ ਲਈ ਲਾਸੀਉ ਸੂਬੇ ਦੇ ਗੁਰਦਵਾਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ (ਜਿਨ੍ਹਾਂ ਵਿਚ ਲਵੀਨਿਉ, ਅਪਰੀਲੀ, ਵਿਲੇਤਰੀ, ਫੋਂਦੀ, ਬੋਰਗੋਲੀਵੀ ਸਬਾਊਦੀਆ, ਪੁਨਤੀਨੀਆ ਤੇ ਬੋਰਗੋਹਰਮਾਦਾ ਆਦਿ ਸ਼ਾਮਲ ਸਨ) ਨੇ ਮੰਗ ਪੱਤਰ ਤਿਆਰ ਕਰ ਕੇ ਮੈਡਮ ਨੀਨਾ ਮਲਹੋਤਰਾ ਨੂੰ ਉਸ ਸਮੇਂ ਦੇਣ ਦਾ ਪ੍ਰੋਗਰਾਮ ਬਣਾਇਆ ਜਦੋਂ ਮੈਡਮ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋਹਰਮਾਦਾ (ਲਾਤੀਨਾ) ਵਿਖੇ ਨਤਮਸਤਕ ਹੋਣ ਲਈ ਉਚੇਚੇ ਤੌਰ ’ਤੇ ਪਹੁੰਚੇ।
ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਮੈਡਮ ਮਲਹੋਤਰਾ ਨੂੰ ਅਪੀਲ ਕੀਤੀ ਗਈ ਕਿ ਉਹ ਕਿਸਾਨ ਸੰਘਰਸ਼ ਸੰਬਧੀ ਕੇਂਦਰ ਸਰਕਾਰ ਨੂੰ ਉਨ੍ਹਾਂ ਰਾਹੀ ਮੰਗ ਪੱਤਰ ਦੇਣਾ ਚਾਹੁੰਦੇ ਹਨ ਜਿਸ ਨੂੰ ਲੈਣ ਲਈ ਮੈਡਮ ਨੇ ਹਾਂ ਵੀ ਕਰ ਦਿਤਾ ਪਰ ਪਹਿਲਾਂ ਕਿਸਾਨ ਅੰਦੋਲਨ ਜਿਹੜਾ ਕਿ ਭਾਰਤ ਦੀ ਕੇਂਦਰ ਸਰਕਾਰ ਅਨੁਸਾਰ ਦਰੁਸਤ ਨਹੀਂ ਸੰਬਧੀ ਕੁਝ ਬੋਲਣਾ ਚਾਹੁੰਦੇ ਹਨ। ਜਦੋਂ ਮੈਡਮ ਨੀਨਾ ਮਲਹੋਤਰਾ ਨੇ ਭਾਰਤ ਦੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਬਿਲਾਂ ਦੇ ਲਾਭ ਗਿਣਾਉਣ ਲਈ ਬੋਲਣਾ ਸ਼ੁਰੂ ਕੀਤਾ ਤਾਂ ਹਾਲੇ ਮਸਾਂ 2-3 ਮਿੰਟ ਹੀ ਬੋਲੇ ਤਾਂ ਭਾਈ ਹਰਪਾਲ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਸਿੰਘ ਸਭਾ ਪ੍ਰਬੰਧਕ ਕਮੇਟੀ ਪੁਨਤੀਨੀਆਂ (ਲਾਤੀਨਾ) ਨੇ ਮੈਡਮ ਦੀ ਗੱਲ ਨੂੰ ਫ਼ਤਿਹ  ਬੁਲਾ ਕੇ ਵਿਚ ਹੀ ਰੋਕ ਦਿਤਾ ਅਤੇ ਕਿਹਾ ਕਿ ਇਹ ਸੱਭ ਗੱਲਾਂ ਜਿਹੜੀਆਂ ਮੈਡਮ ਦੱਸ ਰਹੇ ਸਨ ਇਹਨਾਂ ਲਈ 5 ਮੀਟਿੰਗਾਂ ਕਿਸਾਨ ਆਗੂਆਂ ਨਾਲ ਕੇਂਦਰ ਸਰਕਾਰ ਦੀਆਂ ਦਿੱਲੀ ਵਿੱਚ ਹੋ ਚੁੱਕੀਆਂ ਹਨ ਪਰ ਹੁਣ ਤਕ ਕੋਈ ਹੱਲ ਨਹੀ ਨਿਕਲਿਆ।
ਦੂਜੇ ਪਾਸੇ ਭਾਈ ਹਰਪਾਲ ਸਿੰਘ ਨੇ ਪ੍ਰੈੱਸ ਨਾਲ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕਿਸਾਨ ਪੁੱਤਰਾਂ ਨੂੰ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਸਰਕਾਰ ਜਿਹੜਾ ਦਸਦੀ ਹੈ ਕਿ ਇਹ ਕਾਨੂੰਨ ਕਿਸਾਨ ਹਿਤੈਸੀ ਹਨ ਇਹ ਕੋਰਾ ਝੂਠ ਹੈ। ਇਨ੍ਹਾਂ ਕਾਲੇ ਕਾਨੂੰਨਾਂ ਨਾਲ ਕਿਸਾਨ ਨੂੰ ਕੋਈ ਫ਼ਾਇਦਾ ਨਹੀ ਹੈ ਜੇਕਰ ਕਿਸੇ ਨੂੰ ਕੋਈ ਫ਼ਾਇਦਾ ਹੈ ਤਾਂ ਉਹ ਹੈ ਵੱਡੇ ਘਰਾਣਿਆ ਨੂੰ ਜਿਨ੍ਹਾਂ ਕਿ ਤੁਹਾਡੇ 5 ਰੁਪੲੈ ਕਿਲੋ ਆਲੂ ਲੈ ਕੇ 50 ਰੁਪਏ ਵੇਚਣੇ ਹਨ। ਇਸ ਮੌਕੇ ਮੈਡਮ ਨੀਨਾ ਮਲਹੋਤਰਾ ਨੇ ਹਾਜ਼ਰ ਸੰਗਤਾਂ ਵਲੋਂ ਤਿਆਰ ਕੀਤਾ ਮੰਗ ਪੱਤਰ ਨਹੀਂ ਲਿਆ ਤੇ ਜਿਸ ਕਾਰਨ ਸੰਗਤਾਂ ਵਿਚ ਕਾਫ਼ੀ ਰੋਹ ਦੇਖਿਆ ਗਿਆ। 

ਫ਼ੋਟੋ : ਇਟਲੀ----ਭਾਰਤੀ ਰਾਜਦੂਤ ਨੂੰ ਸਟੇਜ ਤੋਂ ਬੋਲਣ ਸਮੇਂ ਰੋਕਦਾ ਹੋਇਆ ਸਿੰਘ