ਮਜੀਠੀਆ ਨੂੰ ਕਲੀਨ ਚਿੱਟ ਦੇਣ ਲਈ ਕਾਂਗਰਸੀ ਵਿਧਾਇਕਾਂ ਨੇ ਕੈਪਟਨ ਤੇ ਰਾਘਵ ਚੱਢਾ ਨੂੰ ਕਰੜੇ ਹੱਥੀਂ ਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੀ ਆਮ ਆਦਮੀ ਪਾਰਟੀ ਅਕਾਲੀ ਦਲ ਨੂੰ ਨਸ਼ਿਆਂ ਅਤੇ ਮਾਫੀਆ ਰਾਜ ਫੈਲਾਉਣ ਲਈ ਕਲੀਨ ਚਿੱਟ ਦਿੰਦੀ ਹੈ?

Bikram Singh Majithia- Raghav Chaddha- Captain Amarinder Singh

ਚੰਡੀਗੜ੍ਹ: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਿਰੁੱਧ ਐਨ.ਡੀ.ਪੀ.ਐਸ. ਐਕਟ ਤਹਿਤ ਦਰਜ ਕੇਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਵੱਲੋਂ ਖੁੱਲ੍ਹੇਆਮ ਮਜੀਠੀਆ ਦੇ ਹੱਕ ਵਿੱਚ ਬਿਆਨ ਦੇਣ ਦਾ ਕਾਂਗਰਸੀ ਵਿਧਾਇਕਾਂ ਨੇ ਸਖਤ ਨੋਟਿਸ ਲਿਆ ਹੈ। ਕਾਂਗਰਸੀ ਆਗੂਆਂ ਨੇ ਦੋਵੇਂ ਆਗੂਆਂ ਨੂੰ ਕਰੜੇ ਹੱਥੀ ਲੈਂਦਿਆਂ ਆਖਿਆ ਕਿ ਦੋਵਾਂ ਨੂੰ ਕਲੀਨ ਚਿੱਟ ਦੇਣ ਦੀ ਅਕਾਲੀਆਂ ਨਾਲੋਂ ਵੀ ਵੱਧ ਕਾਹਲ ਤੋਂ ਸਿੱਧ ਹੁੰਦਾ ਹੈ ਕਿ ਅਮਰਿੰਦਰ ਸਿੰਘ ਅਕਾਲੀਆਂ ਨਾਲ ਰਲਿਆ ਹੋਇਆ ਅਤੇ ਆਪ ਅਕਾਲੀ ਦਲ ਦੀ ਬੀ ਟੀਮ ਹੈ। ਇਹ ਤਾਂ ਉਹ ਗੱਲ ਹੋਈ ਚੋਰ ਨਾਲ ਪੰਡ ਕਾਹਲੀ।

ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਵਰਕਿੰਗ ਪ੍ਰਧਾਨ ਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਸਣੇ ਹੋਰਨਾਂ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਕੁਲਬੀਰ ਸਿੰਘ ਜ਼ੀਰਾ, ਬਰਿੰਦਰਮੀਤ ਸਿੰਘ ਪਾਹੜਾ, ਦਵਿੰਦਰ ਸਿੰਘ ਘੁਬਾਇਆ ਤੇ ਪ੍ਰੀਤਮ ਸਿੰਘ ਕੋਟਭਾਈ ਨੇ ਆਖਿਆ ਕਿ ਅਮਰਿੰਦਰ ਸਿੰਘ ਨੇ ਸਿੱਧ ਕਰ ਦਿੱਤਾ ਕਿ ਉਹ ਅਕਾਲੀਆਂ ਨਾਲ ਰਲਿਆ ਹੋਇਆ ਸੀ ਅਤੇ ਆਪਣੇ ਸਾਢੇ ਚਾਰ ਸਾਲ ਦੇ ਰਾਜ ਦੌਰਾਨ ਅਕਾਲੀਆਂ ਨਾਲ ਸਾਂਝ ਭਿਆਲੀ ਕਾਇਮ ਰੱਖ ਕੇ ਮਜੀਠੀਆ ਨੂੰ ਬਚਾ ਕੇ ਰੱਖਿਆ। ਅੱਜ ਜਦੋਂ ਮਜੀਠੀਆ ਖਿਲਾਫ ਨਸ਼ਿਆਂ ਦੇ ਮਾਮਲੇ ਵਿੱਚ ਕੇਸ ਦਰਜ ਹੋਇਆ ਤਾਂ ਅਮਰਿੰਦਰ ਸਿੰਘ ਉਸ ਦੀ ਹਮਾਇਤ ਵਿੱਚ ਖੁੱਲ੍ਹੇਆਮ ਬਿਆਨ ਦੇ ਰਿਹਾ ਹੈ।

ਰਾਘਵ ਚੱਢਾ ਨੂੰ ਕਰੜੇ ਹੱਥੀ ਲੈਂਦਿਆਂ ਕਾਂਗਰਸੀ ਵਿਧਾਇਕਾਂ ਨੇ ਆਖਿਆ ਕਿ ਉਹ ਤਾਂ ਆਪਣੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੋਂ ਇਕ ਕਦਮ ਅੱਗੇ ਨਿਕਲਿਆ। ਕੇਜਰੀਵਾਲ ਨੇ ਮਜੀਠੀਆ ਕੋਲੋਂ ਮੁਆਫੀ ਮੰਗੀ ਸੀ ਅਤੇ ਰਾਘਵ ਚੱਢਾ ਨੇ ਤਾਂ ਅਕਾਲੀ ਦਲ ਦਾ ਬੁਲਾਰਾ ਬਣ ਕੇ ਮਜੀਠੀਆ ਦੀ ਹਮਾਇਤ ਵਿੱਚ ਬਿਆਨ ਵੀ ਜਾਰੀ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਇਹ ਜਵਾਬ ਦੇਵੇ ਕਿ ਉਹ ਅਕਾਲੀ ਦਲ ਨੂੰ ਆਪਣੇ 10 ਸਾਲ ਦੇ ਮਾਫੀਆ ਰਾਜ ਅਤੇ ਨਸ਼ਿਆਂ ਦੀ ਸਰਪ੍ਰਸਤੀ ਦੇ ਮਾਮਲੇ ਵਿੱਚ ਕਲੀਨ ਚਿੱਟ ਦੇ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਦੀ ਬੀ ਟੀਮ ਬਣ ਕੇ ਕੀਤਾ ਜਾ ਕੰਮ ਸਾਹਮਣੇ ਆ ਗਿਆ ਹੈ। ਕਾਂਗਰਸੀ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਦੋਵਾਂ ਧਿਰਾਂ ਦੀ ਅਸਲੀਅਤ ਦੇਖ ਲਈ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਨਾਲ ਆਪ ਅਤੇ ਅਮਰਿੰਦਰ ਨੂੰ ਵੀ ਕਰਾਰਾ ਜਵਾਬ ਦੇਣਗੇ।