ਬਿਕਰਮ ਮਜੀਠੀਆ ਦੇ ਵਿਦੇਸ਼ ਭੱਜ ਜਾਣ ਦਾ ਖ਼ਦਸ਼ਾ, ਸਰਕਾਰ ਨੇ ਲੁੱਕ ਆਊਟ ਨੋਟਿਸ ਕੀਤਾ ਜਾਰੀ
ਡਰੱਗ ਕੇਸ 'ਚ ਮਜੀਠੀਆ ਦੇ ਖਿਲਾਫ ਦਰਜ ਹੈ FIR
ਚੰਡੀਗੜ੍ਹ: ਪੰਜਾਬ 'ਚ ਡਰੱਗ ਮਾਮਲੇ ਦੇ ਦੋਸ਼ੀ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਵਿਦੇਸ਼ ਭੱਜ ਜਾਣ ਦਾ ਖਦਸ਼ਾ ਹੈ। ਇਸ ਲਈ ਪੰਜਾਬ ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕੀਤਾ ਹੈ। ਜਿਸ ਦੇ ਜ਼ਰੀਏ ਸਾਰੇ ਹਵਾਈ ਅੱਡਿਆਂ, ਬੰਦਰਗਾਹਾਂ ਅਤੇ ਹੋਰ ਸਾਰੀਆਂ ਥਾਵਾਂ 'ਤੇ ਅਲਰਟ ਜਾਰੀ ਕੀਤਾ ਗਿਆ ਹੈ।
ਇਸ ਦੌਰਾਨ ਪੰਜਾਬ 'ਚ ਗ੍ਰਹਿ ਵਿਭਾਗ ਦੀ ਵਾਗਡੋਰ ਸੰਭਾਲ ਰਹੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਜਲਦ ਹੀ ਜੇਲ 'ਚ ਹੋਣਗੇ। ਪੁਲਿਸ ਨੇ ਸੋਮਵਾਰ ਰਾਤ ਨੂੰ ਮਜੀਠੀਆ ਖਿਲਾਫ ਕ੍ਰਾਈਮ ਬ੍ਰਾਂਚ ਥਾਣੇ 'ਚ ਮਾਮਲਾ ਦਰਜ ਕੀਤਾ ਸੀ ਪਰ ਅਜੇ ਤੱਕ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਪੰਜਾਬ ਸਰਕਾਰ ਦੀ ਯੋਜਨਾ ਸੀ ਕਿ ਮਾਮਲਾ ਦਰਜ ਹੁੰਦੇ ਹੀ ਮਜੀਠੀਆ ਨੂੰ ਰਾਤ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਦੇ ਲਈ ਉਨ੍ਹਾਂ ਨੇ ਮਜੀਠੀਆ ਦੇ ਮੋਬਾਈਲ ਦੀ ਲੋਕੇਸ਼ਨ ਟ੍ਰੈਕ ਕੀਤੀ ਸੀ। ਮੋਬਾਈਲ ਲਗਾਤਾਰ ਚੰਡੀਗੜ੍ਹ ਸਥਿਤ ਉਸ ਦੇ ਸਰਕਾਰੀ ਫਲੈਟ ਦੀ ਲੋਕੇਸ਼ਨ ਦੱਸ ਰਿਹਾ ਸੀ।
ਇਸ ਕਾਰਨ ਸਰਕਾਰ ਨੂੰ ਲੱਗਾ ਕਿ ਮਜੀਠੀਆ ਇਸ ਕੇਸ ਤੋਂ ਅਣਜਾਣ ਹੈ ਅਤੇ ਚੰਡੀਗੜ੍ਹ ਵਿਚ ਹੀ ਰਹਿ ਗਿਆ ਹੈ। ਮਾਮਲਾ ਦਰਜ ਕਰਨ ਤੋਂ ਬਾਅਦ ਸੋਮਵਾਰ ਅੱਧੀ ਰਾਤ ਨੂੰ ਜਦੋਂ ਪੁਲਸ ਨੇ ਉਥੇ ਛਾਪੇਮਾਰੀ ਕੀਤੀ ਤਾਂ ਮਜੀਠੀਆ ਦੀ ਬਜਾਏ ਸਿਰਫ ਉਸ ਦਾ ਮੋਬਾਇਲ ਮਿਲਿਆ।