ਪ੍ਰੈਸ ਕਾਨਫ਼ਰੰਸ ਦੌਰਾਨ ਬੋਲੇ ਨਵਜੋਤ ਸਿੱਧੂ - 'ਰਾਜਨੀਤੀ ਨੂੰ ਮੂੰਹਤੋੜ ਜਵਾਬ ਦੇਣਾ ਪਵੇਗਾ'
'ਜਿਹੜੀਆਂ ਮੰਗਾਂ ਲਈ ਮੁੱਖ ਮੰਤਰੀ ਬਦਲੇ ਉਹ ਅਜੇ ਤੱਕ ਅਧੂਰੀਆਂ ਕਿਉਂ'
ਚੰਡੀਗੜ੍ਹ : ਪੰਜਾਬ ਵਿਚ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ ਅਤੇ ਇਸ ਦੌਰਾਨ ਹੀ ਲਟਕ ਰਹੇ ਮਸਲੇ ਵੀ ਰੌਸ਼ਨੀ ਵਿਚ ਆ ਰਹੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫ਼ਰੰਸ ਕਰ ਕੇ ਕਈਆਂ 'ਤੇ ਨਿਸ਼ਾਨੇ ਸਾਧੇ।ਕੈਪਟਨ ਅਮਰਿੰਦਰ ਸਿੰਘ ਤੇ ਤੰਜ ਕੱਸਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਨੇ ਸਾਢੇ ਚਾਰ ਸਾਲ ਤਕ ਤਾਂ ਡੱਕਾ ਨਹੀਂ ਤੋੜਿਆ ਅਤੇ ਅੱਜ ਵੱਖਰੀ ਪਾਰਟੀ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਅੰਦਰ ਵਿਕਾਸ ਕਰਨ ਦੀਆਂ ਗੱਲਾਂ ਆਖ ਰਿਹਾ ਹੈ।
ਜਦ ਨਵਜੋਤ ਸਿੰਘ ਸਿੱਧੂ ਨੂੰ ਇਹ ਸਵਾਲ ਕੀਤਾ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਬਿਕਰਮਜੀਤ ਮਜੀਠੀਆ ਦੇ ਖ਼ਿਲਾਫ਼ ਕੀਤੀ ਗਈ ਐਫਆਈਆਰ ਨੂੰ ਗ਼ਲਤ ਕਿਹਾ ਜਾ ਰਿਹਾ ਹੈ ਤਾਂ ਨਵਜੋਤ ਸਿੰਘ ਸਿੱਧੂ ਨੇ ਇਸਦੇ ਜਵਾਬ ਵਿਚ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ ਚਾਰ ਸਾਲ ਤਕ ਬਿਕਰਮਜੀਤ ਮਜੀਠੀਆ ਦੀਆਂ ਕਰਤੂਤਾਂ 'ਤੇ ਪਰਦਾ ਹੀ ਪਾਇਆ ਹੈ ਤੇ ਜੇ ਅੱਜ ਕਾਨੂੰਨ ਨੇ ਉਸਦੇ ਖ਼ਿਲਾਫ਼ ਕਾਰਵਾਈ ਕਰਦਿਆਂ ਹੋਏ ਐੱਫਆਈਆਰ ਦਰਜ ਕੀਤੀ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਉਸ ਐਫਆਈਆਰ ਨੂੰ ਗ਼ਲਤ ਦਸ ਰਹੇ ਹਨ।
ਕਿਸਾਨਾਂ ਦੇ ਮੁੱਦੇ ਤੇ ਗੱਲਬਾਤ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਹਨ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਕਿਸਾਨਾਂ ਦੇ ਨਾਲ ਖੜੇ ਸੀ ਅਤੇ ਅੱਗੇ ਵੀ ਕਿਸਾਨਾਂ ਦੇ ਨਾਲ ਹਮੇਸ਼ਾਂ ਖੜ੍ਹੇ ਰਹਿਣਗੇ।ਕੈਪਟਨ ਅਮਰਿੰਦਰ ਸਿੰਘ ਤੇ ਵੱਡਾ ਨਿਸ਼ਾਨਾ ਸਾਧਦੇ ਹੋਏ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਦੇ ਖਿਲਾਫ਼ ਈਡੀ ਵਲੋਂ FIR ਦਰਜ ਕੀਤੀ ਗਈ ਪਰ ਕੋਈ ਕਾਰਵਾਈ ਕਿਉਂ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਕਾਰਨ ਇਹ ਸੀ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਨਾਲ ਰਲਿਆ ਹੋਇਆ ਹੈ।
ਕੈਪਟਨ ਅਮਰਿੰਦਰ ਸਿੰਘ 'ਤੇ ਕੀਤਾ ਤੰਜ਼
''ਜਿਹੜਾ ਬੰਦਾ ਪਿਛਲੀ ਵਾਰ ਪਾਰਟੀ ਬਣਾ ਕੇ ਜਿਵੇਂ ਬਿੱਲਾ ਛੱਪੜ 'ਚੋਂ ਨਿਕਲਿਆ ਹੁੰਦਾ ਉਵੇਂ 700-800 ਵੋਟਾਂ ਲੈ ਕੇ ਹਾਈ ਕਮਾਨ ਕੋਲ ਗਿਆ ਸੀ ਜਿਥੋਂ ਉਸ ਨੂੰ ਮੁੱਖ ਮੰਤਰੀ ਬਣਾਇਆ ਗਿਆ ਤੇ ਅੱਜ ਉਹ ਹੀ ਕਾਂਗਰਸ ਨੂੰ ਧਮਕਾ ਰਿਹਾ ਹੈ। ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਇਨ੍ਹਾਂ ਦੇ ਪਰਿਵਾਰਕ ਮੈਂਬਰਾਂ 'ਤੇ ED ਵਲੋਂ ਕਈ ਕੇਸ ਪਾਏ ਗਏ ਪਰ ਫਿਰ ਵੀ ਕਾਰਵਾਈ ਕਿਉਂ ਨਹੀਂ ਕੀਤੀ ਗਈ?''
ਬਹੁ-ਕਰੋੜੀ ਨਸ਼ਾ ਤਸਕਰੀ ਮਾਮਲੇ ਦੀ ਕਾਰਵਾਈ 'ਤੇ ਬੋਲੇ ਨਵਜੋਤ ਸਿੱਧੂ
''ਇਹ ਬਹੁਤ ਲੰਬੀ ਲੜਾਈ ਲੜੀ ਹੈ ਅਤੇ ਅੱਜ ਨਵਜੋਤ ਸਿੱਧੂ ਦਾ ਅਸਤੀਫ਼ਾ ਪੂਰੀ ਤਰ੍ਹਾਂ ਸਪੱਸ਼ਟ ਹੋਇਆ ਹੈ। ਕਾਨੂੰਨ ਆਪਣੀ ਕਾਰਵਾਈ ਕਰ ਰਿਹਾ ਹੈ ਜਿਸ ਵਿਚ ਕਦੇ ਦਖ਼ਲੰਦਾਜ਼ੀ ਨਹੀਂ ਕੀਤੀ ਪਰ ਮੈਂ ਹਮੇਸ਼ਾਂ ਉਨ੍ਹਾਂ ਗ਼ਰੀਬਾਂ ਦੀ ਆਵਾਜ਼ ਚੁੱਕੀ ਹੈ ਜਿਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਜੇਕਰ ਜ਼ਿੰਮੇਵਾਰੀ ਮਿਲੇ ਤਾਂ ਸਭ ਕੁਝ ਬਦਲ ਸਕਦਾ ਹਾਂ।''
'ਸੱਤਾ ਹਾਸਲ ਕਰਨ ਲਈ ਝੂਠ, ਢੋਂਗ ਅਤੇ ਲਾਲੀਪੌਪ ਦੇਣੇ ਸਿੱਧੂ ਦਾ ਕੰਮ ਨਹੀਂ'
''ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨਾਲ ਹਮੇਸ਼ਾਂ ਖੜ੍ਹਾ ਹਾਂ ਪਰ ਪੰਜਾਬ ਪ੍ਰਤੀ ਵੀ ਵਫ਼ਾਦਾਰ ਰਹਾਂਗਾ। ਮੈਂ ਕਦੇ ਵੀ ਆਪਣੀ ਜ਼ੁਬਾਨ ਤੋਂ ਪਿੱਛੇ ਨਹੀਂ ਹਟਾਂਗਾ। ਇਸ ਵਾਰ ਪੰਜਾਬ ਨੂੰ ਕਿਸੇ ਵੀ ਭੁਲੇਖੇ ਵਿਚ ਨਾ ਤਾਂ ਪਾਵਾਂਗਾ ਅਤੇ ਨਾ ਹੀ ਪੈਣ ਦੇਵਾਂਗਾ। ਸੱਤਾ ਹਾਸਲ ਕਰਨ ਲਈ ਝੂਠ, ਢੋਂਗ ਅਤੇ ਲਾਲੀਪੌਪ ਦੇਣੇ ਮੇਰਾ ਕੰਮ ਨਹੀਂ ਹੈ ਪਰ ਪੰਜਾਬ ਦੇ ਇਸ ਹਾਲਾਤ ਨੂੰ ਮੋੜਾ ਪਾਉਣ ਅਤੇ ਸੂਬੇ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣ ਲਈ ਸੱਤਾ ਵਿਚ ਆਉਣਾ ਜ਼ਰੂਰੀ ਹੈ। ਪੰਜਾਬ ਦੇ ਭਲੇ ਲਈ ਸਿੱਧੂ ਹਮੇਸ਼ਾਂ ਨਾਲ ਹੈ ਪਰ ਜ਼ਰੂਰੀ ਨਹੀਂ ਹੈ ਕਿ ਕਿਸੇ ਦਾ ਮੁਹਤਾਜ਼ ਬਣਾ ਜਾਂ ਆਪਣੇ ਕਿਰਦਾਰ ਨੂੰ ਕੋਈ ਦਾਗ਼ ਲਗਾਵਾਂ।''
'ਜਿਹੜੀਆਂ ਮੰਗਾਂ ਲਈ ਮੁੱਖ ਮੰਤਰੀ ਬਦਲੇ ਉਹ ਅਜੇ ਤੱਕ ਅਧੂਰੀਆਂ ਕਿਉਂ'
''ਰਾਜ ਬਿਨ੍ਹਾਂ ਨਹੀਂ ਧਰਮ ਚਲੇਂ ਹੈਂ
ਧਰਮ ਬਿਨ੍ਹਾਂ ਸਭ ਗਲੇ ਮਲੇ ਹੈਂ
ਜਿਹੜਾ ਰਾਜ ਧਰਮ ਦੀ ਰੱਖਿਆ ਨਹੀਂ ਕਰ ਸਕਦਾ ਕੀ ਉਹ ਰਾਜ ਹੈ? ਜਿਨ੍ਹਾਂ ਸ਼ਰਤਾਂ 'ਤੇ ਅਤੇ ਜਿਹੜੀਆਂ ਮੰਗਾਂ ਲਈ ਮੁੱਖ ਮੰਤਰੀ ਬਦਲੇ ਗਏ ਸਨ ਉਹ ਅਜੇ ਤੱਕ ਅਧੂਰੀਆਂ ਕਿਉਂ ਹਨ? ਜਿਹੜੇ ਲੋਕ ਗੁਰੂ ਦੇ ਇਨਸਾਫ਼ ਖ਼ਾਤਰ ਸੜਕਾਂ 'ਤੇ ਸਨ ਉਹ ਅੱਜ ਫਿਰ ਸੜਕਾਂ 'ਤੇ ਹੀ ਬੈਠੇ ਹਨ। ਉਨ੍ਹਾਂ ਦੀ ਸੁਣਵਾਈ ਕਿਉਂ ਨਹੀਂ ਹੋ ਰਹੀ। ਸਿੱਧੂ ਉਨ੍ਹਾਂ ਦੇ ਨਾਲ ਖੜ੍ਹਾ ਹੈ।''
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕ ਸਭ ਕੁਝ ਚੰਗੀ ਤਰ੍ਹਾਂ ਜਾਂਦੇ ਹਨ ਕਿ ਅਸਲ ਵਿਚ ਕੌਣ ਪੰਜਾਬ ਦਾ ਭਲਾ ਸੋਚਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ 'ਤੇ ਹੋ ਰਹੀ ਰਾਜਨੀਤੀ ਨੂੰ ਮੂੰਹਤੋੜ ਜਵਾਬ ਦੇਣਾ ਪਵੇਗਾ।