ਮੋਹਾਲੀ 'ਚ ਕੱਚੇ ਕਰਮਚਾਰੀਆਂ ਦਾ ਅਨੋਖਾ ਪ੍ਰਦਰਸ਼ਨ, ਲੋਕਾਂ ਨੂੰ ਖਜ਼ਾਨੇ 'ਚੋਂ ਵੰਡੇ ਖੁੱਲ੍ਹੇ ਗੱਫ਼ੇ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਹਾਲੀ 'ਚ ਕੱਚੇ ਕਰਮਚਾਰੀਆਂ ਵਲੋਂ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਕ੍ਰਿਸਮਿਸ ਤੋਂ ਪਹਿਲਾਂ  ਕੱਚੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਤੋਹਫੇ ਵੰਡੇ ਗਏ।

Protest of contract workers in Mohali

ਮੋਹਾਲੀ (ਹਰਦੀਪ ਸਿੰਘ ਭੋਗਲ): ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕੱਚੇ ਕਰਮਚਾਰੀਆਂ ਵਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦੇ ਤਹਿਤ ਸਰਕਾਰ ਤੱਕ ਅਪਣੀ ਗੱਲ ਪਹੁੰਚਾਉਣ ਲਈ ਮੁਲਾਜ਼ਮਾਂ ਵਲੋਂ ਕਈ ਮੰਤਰੀਆਂ ਦਾ ਘਿਰਾਓ ਵੀ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ ਪਰ ਇਸ ਦੇ ਬਾਵਜੂਦ ਕੱਚੇ ਮੁਲਾਜ਼ਮਾਂ ਵਿਚ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।

ਇਸ ਦੇ ਚਲਦਿਆਂ ਮੋਹਾਲੀ 'ਚ ਕੱਚੇ ਕਰਮਚਾਰੀਆਂ ਵਲੋਂ ਸਰਕਾਰ ਖ਼ਿਲਾਫ਼ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਦਰਅਸਲ ਕ੍ਰਿਸਮਿਸ ਤੋਂ ਪਹਿਲਾਂ  ਕੱਚੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਤੋਹਫੇ ਵੰਡੇ ਗਏ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜੇਕਰ ਸਰਕਾਰ ਆਮ ਲੋਕਾਂ ਨੂੰ ਜਾਂ ਨੌਜਵਾਨਾਂ ਨੂੰ ਤੋਹਫਾ ਦੇਣਾ ਚਾਹੁੰਦੀ ਹੈ ਤਾਂ ਕੀ ਤੋਹਫਾ ਦੇਵੇਗੀ। ਕੱਚੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਸਰਕਾਰ ਐਲਾਨ ਤਾਂ ਕਈ ਕਰਦੀ ਹੈ ਪਰ ਅਸਲ ਵਿਚ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਕ੍ਰਿਸਮਿਸ ਮੌਕੇ ਸਾਡੀਆਂ ਝੋਲੀਆਂ ਭਰੀਆਂ ਜਾਣ।

ਉਹਨਾਂ ਕਿਹਾ ਕਿ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਸਿਰਫ ਹੋਰਡਿੰਗ ਲਗਾਏ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਕਈ ਅਪੀਲਾਂ ਕਰਨ ਦੇ ਬਾਵਜੂਦ ਸਾਡੀ ਝੋਲੀ ਵਿਚ ਸਿਰਫ ਕਮੇਟੀਆਂ ਪੈਂਦੀਆਂ ਹਨ, ਬੀਤੇ ਦਿਨ ਵੀ ਇਕ ਨਵੀਂ ਕਮੇਟੀ ਬਣਾਈ ਗਈ। ਰੋਸ ਵਜੋਂ ਕੱਚੇ ਕਰਮਚਾਰੀਆਂ ਵਲੋਂ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤੇ ਵਜੋਂ ਚੈੱਕ ਭੇਂਟ ਕੀਤੇ ਗਏ, ਉਹਨਾਂ ਕਿਹਾ ਕਿ ਸਰਕਾਰ ਵਲੋਂ ਬੇਰੁਜ਼ਗਾਰ ਨੌਜਾਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਲਈ ਕਿਹਾ ਗਿਆ ਸੀ ਪਰ ਸਰਕਾਰ ਨੇ ਖਾਲੀ ਚੈੱਕ ਹੀ ਦਿੱਤੇ।

ਇਸ ਤੋਂ ਬਾਅਦ ਉਹਨਾ ਕਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ ਪਰ ਸਰਕਾਰ ਤਾਂ ਪੱਕੇ ਮੁਲਾਜ਼ਮਾਂ ਦੇ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਲਈ ਨੌਜਵਾਨ ਧੱਕੇ ਖਾ ਰਹੇ ਹਨ ਪਰ ਸਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਸਾਨੂੰ ਵੋਟਾਂ ਦਿਓ ਨਿਯੁਕਤੀ ਪੱਤਰ ਅਗਲੀ ਵਾਰ ਦੇਵਾਂਗੇ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਖਜ਼ਾਨੇ ਵਿਚੋਂ ਸਿਰਫ ਲਾਲੀਪਾਪ ਹੀ ਮਿਲਿਆ ਹੈ।