ਸ਼ਾਪਿੰਗ ਕਰਨ ਜਾ ਰਹੇ ਨੌਜਵਾਨਾਂ ਦੀ ਦਰਖ਼ਤ ਨਾਲ ਟਕਰਾਈ ਕਾਰ, ਤਿੰਨ ਦੀ ਹੋਈ ਮੌਤ
ਇਕ ਨੌਜਵਾਨ ਗੰਭੀਰ ਜ਼ਖ਼ਮੀ
ਪਟਿਆਲਾ: ਸਰਦੀ ਦੀ ਰੁੱਤ ਵਿਚ ਦੁਰਘਟਨਾਵਾਂ ਆਮ ਨਾਲੋਂ ਜ਼ਿਆਦਾ ਵਾਪਰਦੀਆਂ ਹਨ ਕਿਉਂਕਿ ਇਹਨਾਂ ਦਿਨਾਂ ਵਿਚ ਜ਼ਿਆਦਾ ਧੁੰਦ ਪੈਂਦੀ ਹੈ। ਲੋਕ ਵਾਹਨ ਹੌਲੀ ਚਲਾਉਣ ਦੀ ਬਜਾਏ ਤੇਜ਼ ਰਫ਼ਤਾਰ ਨਾਲ ਚਲਾਉਂਦੇ ਹਨ। ਇਸ ਨਾਲ ਉਹ ਆਪਣੀ ਜਾਨ ਤਾਂ ਖ਼ਤਰੇ 'ਚ ਪਾਉਂਦੇ ਹੀ ਹਨ ਨਾਲ ਹੀ ਦੂਜਿਆਂ ਦੀ ਜਾਨ ਨੂੰ ਵੀ ਖ਼ਤਰੇ ਵਿਚ ਪਾ ਦਿੰਦੇ ਹਨ। ਪਿੰਡ ਮੰਜਾਲ ਨੇੜੇ ਵੀ ਇਕ ਭਿਆਨਕ ਹਾਦਸਾ ਵਾਪਰ ਗਿਆ।
ਇਸ ਹਾਦਸੇ 'ਚ 3 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਦਰਖ਼ਤ ਨਾਲ ਟਕਰਾ ਕੇ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਕਾਰ ਦੀ ਬਾਡੀ ਨੂੰ ਕੱਟ ਕੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ਤੇ ਪਹੁੰਚ ਗਈ।
ਮ੍ਰਿਤਕ 'ਚ ਇਕ ਨੌਜਵਾਨ ਸੰਦੀਪ ਸਿੰਘ ਉਰਫ਼ ਲਵੀ (21) ਸੀ ਜੋ ਫ਼ੌਜ ਤੋਂ ਛੁੱਟੀ ਲੈ ਕੇ ਆਇਆ ਸੀ ਨੇ 4-5 ਦਿਨ ਬਾਅਦ ਵਾਪਸ ਫ਼ੌਜ ਦੇ ਕੈਂਪ ’ਚ ਜਾਣਾ ਸੀ।
ਜਾਣਕਾਰੀ ਅਨੁਸਾਰ ਨੌਜਵਾਨ ਲਖਵੀਰ ਸਿੰਘ (21), ਜਸਵੀਰ ਸਿੰਘ (22) ਅਤੇ ਸੁਲੱਖਣ ਸਿੰਘ (24) ਕਾਰ ’ਚ ਸਵਾਰ ਹੋ ਕੇ ਪਿੰਡ ਦੁੱਲਬਾਂ ਤੋਂ ਪਟਿਆਲਾ ਸ਼ਹਿਰ ਸ਼ਾਪਿੰਗ ਕਰਨ ਜਾ ਰਹੇ ਸਨ।
ਜਦੋਂ ਇਹ ਚਾਰੇ ਦੋਸਤ ਪਿੰਡ ਤੋਂ ਤਕਰੀਬਨ 7 ਕਿਲੋਮੀਟਰ ਦੂਰ ਮੁੱਖ ਮਾਰਗ ’ਤੇ ਪਿੰਡ ਮੰਜਾਲ ਕੋਲ ਪੁੱਜੇ ਤਾਂ ਕਾਰ ਚਲਾ ਰਿਹਾ ਨੌਜਵਾਨ ਸੰਤੁਲਨ ਖੋਹ ਬੈਠਿਆ ਅਤੇ ਕਾਰ ਦਰਖ਼ਤ ਨਾਲ ਜਾ ਟਕਰਾ ਗਈ। ਇਸ ਭਿਆਨਕ ਹਾਦਸੇ ’ਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਦੀ ਮਦਦ ਨਾਲ ਨੌਜਵਾਨਾਂ ਨੂੰ ਕਾਰ ਦੀ ਬਾਡੀ ਕੱਟ ਕੇ ਬਾਹਰ ਕੱਢਿਆ ਅਤੇ ਪਟਿਆਲਾ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ।