ਪੰਜਾਬ ਸਰਕਾਰ ਦਾ ਇੱਕ ਹੋਰ ਮਾਅਰਕਾ: ਕਾਂਗਰਸ ਸਰਕਾਰ ਵੱਲੋਂ ਘਟਾਈਆਂ ਆਸਾਮੀਆਂ ਨੂੰ ਦੁੱਗਣਾ ਕਰ ਕੇ 418 ਕੀਤਾ

ਏਜੰਸੀ

ਖ਼ਬਰਾਂ, ਪੰਜਾਬ

418 ਵੈਟਰਨਰੀ ਅਫ਼ਸਰਾਂ ਦੀ ਭਰਤੀ ਪ੍ਰਕਿਰਿਆ ਮੁਕੰਮਲ, ਛੇਤੀ ਦਿੱਤੇ ਜਾਣਗੇ ਨਿਯੁਕਤੀ ਪੱਤਰ: ਲਾਲਜੀਤ ਸਿੰਘ ਭੁੱਲਰ

Another milestone of the Punjab government: Congress government has doubled the number of posts reduced to 418.

 

ਚੰਡੀਗੜ੍ਹ: ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਤਹਿਤ ਪੰਜਾਬ ਸਰਕਾਰ ਨੇ ਇੱਕ ਹੋਰ ਮਾਅਰਕਾ ਮਾਰਦਿਆਂ ਪਿਛਲੀ ਸਰਕਾਰ ਵੱਲੋਂ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਅਫ਼ਸਰਾਂ ਦੀਆਂ ਘਟਾਈਆਂ ਆਸਾਮੀਆਂ ਨੂੰ ਦੁੱਗਣਾ ਕਰ ਕੇ 418 ਕਰ ਦਿੱਤਾ ਹੈ। ਇਨ੍ਹਾਂ ਆਸਾਮੀਆਂ 'ਤੇ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਛੇਤੀ ਹੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।

ਵਿਸਥਾਰ ਸਹਿਤ ਵੇਰਵੇ ਦਿੰਦਿਆਂ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵਿੱਚ ਵੈਟਰਨਰੀ ਅਫ਼ਸਰਾਂ ਦੀਆਂ 353 ਆਸਾਮੀਆਂ ਨੂੰ ਪਿਛਲੀ ਕਾਂਗਰਸ ਸਰਕਾਰ ਨੇ ਘਟਾ ਕੇ 200 ਕਰ ਦਿੱਤਾ ਸੀ ਜਿਸ ਕਾਰਨ ਵਿਭਾਗ ਦਾ ਕੰਮ ਪ੍ਰਭਾਵਤ ਹੋਣਾ ਲਾਜ਼ਮੀ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਸੱਤਾ ਸੰਭਾਲਦਿਆਂ ਹੀ ਇਨ੍ਹਾਂ ਆਸਾਮੀਆਂ ਸਬੰਧੀ ਕੇਸ ਨੂੰ ਵਿਚਾਰਿਆ ਅਤੇ ਇਨ੍ਹਾਂ ਆਸਾਮੀਆਂ ਨੂੰ 200 ਤੋਂ ਵਧਾ ਕੇ 418 ਕੀਤਾ ਗਿਆ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਵੈਟਰਨਰੀ ਅਫ਼ਸਰਾਂ ਦੀਆਂ ਇਨ੍ਹਾਂ ਆਸਾਮੀਆਂ 'ਤੇ ਪੰਜਾਬ ਲੋਕ ਸੇਵਾ ਕਮਿਸ਼ਨ (ਪੀ.ਪੀ.ਐਸ.ਸੀ.) ਰਾਹੀਂ ਭਰਤੀ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਛੇਤੀ ਹੀ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਹਾਲ ਹੀ ਵਿੱਚ ਪਸ਼ੂ ਪਾਲਣ ਵਿਭਾਗ ਵਿੱਚ 152 ਵੈਟਰਨਰੀ ਇੰਸਪੈਕਟਰਾਂ (ਵੀ.ਆਈ.) ਦੀ ਭਰਤੀ ਕੀਤੀ ਗਈ ਹੈ, ਜੋ ਵੱਖੋ-ਵੱਖ ਜ਼ਿਲ੍ਹਿਆਂ ਵਿੱਚ ਤੈਨਾਤ ਹੋ ਕੇ ਆਪਣਾ ਕੰਮ ਕਰ ਰਹੇ ਹਨ। ਇਸੇ ਤਰ੍ਹਾਂ ਵਿਭਾਗ ਵੱਲੋਂ 60 ਹੋਰ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ਆਸਾਮੀਆਂ ਦੀ ਭਰਤੀ ਪ੍ਰਕਿਰਿਆ ਛੇਤੀ ਤੋਂ ਛੇਤੀ ਮੁਕੰਮਲ ਕਰਨ ਸਬੰਧੀ ਅਧਿਕਾਰੀਆਂ ਨੂੰ ਪਹਿਲਾਂ ਹੀ ਨਿਰਦੇਸ਼ ਦਿੱਤੇ ਗਏ ਹਨ।

ਪਸ਼ੂ ਪਾਲਣ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਹੁਣ ਤੱਕ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ 21,000 ਤੋਂ ਵੱਧ ਸਰਕਾਰੀ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।